ਪੰਜਾਬ 'ਚ ਬਦਲਿਆ ਮੌਸਮ, ਜਲੰਧਰ-ਮੁਹਾਲੀ ਸਣੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪੰਜਾਬ ਵਿੱਚ ਸੋਮਵਾਰ ਨੂੰ ਮੌਸਮ ਨੇ ਕਰਵਟ ਲਈ । ਚੰਡੀਗੜ੍ਹ, ਮੋਹਾਲੀ ਅਤੇ ਜਲੰਧਰ ਵਿੱਚ ਤੇਜ਼ ਮੀਂਹ ਪਿਆ। ਮੌਸਮ ਵਿਭਾਗ ਨੇ ਅੱਜ ਸੂਬੇ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਂਹ ਕਾਰਨ ਸੂਬੇ ਦੇ ਔਸਤ ਤਾਪਮਾਨ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨਤਾਰਨ, ਰੂਪਨਗਰ, ਮੋਹਾਲੀ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਬਰਨਾਲਾ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਐਤਵਾਰ ਨੂੰ ਵੀ ਸੂਬੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਿਆ ਸੀ, ਦਰਅਸਲ ਪਿਛਲੇ 2 ਦਿਨਾਂ ਤੋਂ ਮੌਸਮ ਦੇ ਵਿੱਚ ਥੋੜ੍ਹੀ ਤਬਦੀਲੀ ਮਹਿਸੂਸ ਕੀਤੀ ਗਈ ਹੈ । ਸ਼ਾਮ ਨੂੰ ਠੰਡੀਆਂ ਹਵਾਵਾਂ ਚੱਲਣ ਦਾ ਦੌਰ ਪਿਛਲੇ 2 ਦਿਨਾਂ ਤੋਂ ਜਾਰੀ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ । ਸਭ ਤੋਂ ਘੱਟ ਤਾਪਮਾਨ ਰੂਪਨਗਰ ਵਿੱਚ 28.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਉੱਤਰ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।
ਮਾਨਸੂਨ ਦੀ ਵਾਪਸੀ ਦਾ ਦੌਰ ਜਾਰੀ
ਮੌਸਮ ਵਿਭਾਗ ਮੁਤਾਬਕ ਇਸ ਸਮੇਂ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਨਮੀ ਆ ਰਹੀ ਹੈ। ਇਸ ਕਾਰਨ ਬੱਦਲ ਬਣ ਰਹੇ ਹਨ ਅਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਹਾਲਾਂਕਿ, ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਅਤੇ ਚੰਡੀਗੜ੍ਹ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਜਾਰੀ ਹੈ। ਮਾਨਸੂਨ ਦੀ ਵਾਪਸੀ ਦੀ ਰੇਖਾ ਗੁਰਦਾਸਪੁਰ ਅਤੇ ਚੰਡੀਗੜ੍ਹ ਤੋਂ ਹੋ ਕੇ ਲੰਘ ਰਹੀ ਹੈ। ਇਸ ਦੇ ਨਾਲ ਹੀ ਉੱਤਰ-ਪੂਰਬੀ ਅਸਾਮ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉੱਪਰੀ ਹਵਾਵਾਂ ਵਿੱਚ ਚੱਕਰਵਾਤੀ ਸਰਕੂਲੇਸ਼ਨ ਬਣਿਆ ਹੋਇਆ ਹੈ। ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਜਾਂਦੇ ਹੋਏ ਵੀ ਆਪਣਾ ਕਹਿਰ ਬਰਸ ਕੇ ਜਾ ਰਿਹਾ ਹੈ। ਯੂਪੀ-ਬਿਹਾਰ, ਉੱਤਰਾਖੰਡ ਸਣੇ ਕਈ ਹੋਰ ਸੂਬਿਆਂ 'ਚ ਭਾਰੀ ਬਰਸਾਤ ਨਾਲ ਕਾਫ਼ੀ ਨੁਕਸਾਨ ਹੋਇਆ ਹੈ।
ਪੰਜਾਬ 'ਚ ਬਿਜਲੀ ਦੀ ਖਪਤ ਵੀ ਘਟੀ
ਮੌਸਮ ਠੰਡਾ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ, ਜਿਸ ਦਾ ਅਸਰ ਬਿਜਲੀ ਦੀ ਖਪਤ 'ਤੇ ਵੀ ਪਿਆ। ਪੰਜਾਬ ਵਿੱਚ ਸੋਮਵਾਰ ਨੂੰ ਬਿਜਲੀ ਦੀ ਮੰਗ 9,724 ਮੈਗਾਵਾਟ ਰਹੀ। ਗ੍ਰਿਡ ਤੋਂ 4,618 ਮੈਗਾਵਾਟ ਬਿਜਲੀ ਲਈ ਗਈ, ਜਦਕਿ 4,867 ਮੈਗਾਵਾਟ ਬਿਜਲੀ ਲੈਣ ਦਾ ਸ਼ਡਿਊਲ ਸੀ। ਇਸ ਤਰ੍ਹਾਂ ਤੈਅ ਸ਼ਡਿਊਲ ਨਾਲੋਂ 249 ਮੈਗਾਵਾਟ ਘੱਟ ਬਿਜਲੀ ਲਈ ਗਈ।


Click it and Unblock the Notifications
