ਤਰਨਤਾਰਨ 'ਚ ਲੋਕ ਮਿਲਣੀ ਦੌਰਾਨ CM ਮਾਨ ਦਾ ਬਾਦਲਾਂ 'ਤੇ ਤੰਜ, ਕਿਹਾ- ''ਧਰਮ ਨੂੰ ਸੁਖਬੀਰ ਬਾਦਲ ਤੋਂ ਖ਼ਤਰਾ''
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਮਿਲਣੀ ਪ੍ਰੋਗਰਾਮ ਤਹਿਤ ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਪੱਟੀ ਹਲਕੇ ਤੋਂ ਆਪ ਦੇ ਉਮੀਦਵਾਰ ਜਸਕੰਵਰ ਸਿੰਘ ਜੱਸਾ ਪੱਟੀ ਵੱਲੋਂ ਪਿੰਡ ਸਭਰਾ ਅੰਦਰ ਮੈਡੀਕਲ ਕਾਲਜ ਬਣਾਉਣ ਤੋਂ ਇਲਾਵਾ ਸਤਲੁਜ ਦਰਿਆ ਦੇ ਕਿਨਾਰੇ ਬਣੇ ਧੁੰਸੀ ਬੰਨ ਨੂੰ ਹੋਰ ਮਜਬੂਤ ਕਰਨ ਸਮੇਤ ਪੱਟੀ ਹਲਕੇ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਵਾਇਆ ਗਿਆ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਸਭਰਾ ਅੰਦਰ ਮੈਡੀਕਲ ਕਾਲਜ ਬਣਾਉਣ ਦੀ ਫਾਈਲ ਨੂੰ ਜਲਦੀ ਕਲੀਅਰ ਕਰ ਦੇਣਗੇ। ਇਸ ਲੋਕ ਮਿਲਣੀ ਪ੍ਰੋਗਰਾਮ ਅੰਦਰ ਮਾਨ ਨੇ ਕਿਹਾ ਕਿ ਉਹ ਕਿਸੇ ਦੀ ਨੁਕਤਾਚੀਨੀ ਕਰਨ ਲਈ ਨਹੀਂ ਆਏ ਸਗੋਂ ਆਪ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਅਤੇ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਦਾ ਵਿਕਾਸ ਸਬੰਧੀ ਲੋਕ ਮਿਲਣੀ ਅੰਦਰ ਗੱਲਾਂ ਬਾਤਾਂ ਕਰਨ ਲਈ ਆਏ ਹਨ।

ਧਰਮ ਨੂੰ ਸੁਖਬੀਰ ਬਾਦਲ ਕੋਲੋਂ ਖ਼ਤਰਾ- CM ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਅਕਾਲੀ ਬੀਜੇਪੀ ਅਤੇ ਕਾਂਗਰਸ ਦੇ ਲੀਡਰਾਂ ਉੱਪਰ ਸਿਆਸੀ ਨਿਸ਼ਾਨੇ ਸੇਥੇ। ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਰਾਜਨੀਤੀ ਕਰਨ ਲਈ ਧਰਮ ਨੂੰ ਮੁੱਠੀ ਵਿੱਚ ਕੈਦ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਪੰਥਕ ਸਿਧਾਂਤਾਂ ਅਤੇ ਧਰਮ ਨੂੰ ਬਾਹਰੀ ਲੋਕਾਂ ਕੋਲੋਂ ਖਤਰਾ ਨਹੀਂ ਹੈ ਸਗੋਂ ਪੰਥਕ ਸਿਧਾਂਤਾਂ ਅਤੇ ਧਰਮ ਨੂੰ ਖਤਰਾ ਸੁਖਬੀਰ ਬਾਦਲ ਅਤੇ ਉਸ ਦੇ ਪਰਿਵਾਰ ਕੋਲੋਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਦੀ 2007 ਤੋਂ 2017 ਦੀ ਸਰਕਾਰ ਸਮੇਂ ਪੰਜਾਬ ਅੰਦਰ ਚਿੱਟੇ ਦੀ ਸਪਲਾਈ ਲਾਲ ਬੱਤੀ ਵਾਲੀਆਂ ਗੱਡੀਆਂ ਅੰਦਰ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 1984 ਵਿੱਚ ਅਕਾਲ ਤਖ਼ਤ ਸਾਹਿਬ 'ਤੇ ਫੌਜੀ ਹਮਲਾ ਅਤੇ ਸਿੱਖਾਂ ਦਾ ਕਤਲੇਆਮ ਕਰਵਾਇਆ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਕੇਵਲ ਸਿੰਘ ਢਿੱਲੋ ਸਮੇਤ ਅਨੇਕਾਂ ਕਾਂਗਰਸੀ ਲੀਡਰ ਅੱਜ ਬੀਜੇਪੀ ਦੇ ਵੱਡੇ ਆਗੂ ਬਣੇ ਹੋਏ ਹਨ ਅਤੇ ਇਹਨਾਂ ਲੋਕਾਂ ਤੋਂ ਪੰਜਾਬ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਮਾਝੇ ਅੰਦਰ ਝਾੜੂ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ।
ਪਿੰਡ ਸਭਰਾ ਨੂੰ ਜਾਰੀ ਕੀਤੀ 51 ਲੱਖ ਦੀ ਗ੍ਰਾੰਟ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਸਭਰਾ ਦੀ ਪੰਚਾਇਤ ਨੂੰ 51 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਅਤੇ ਪੱਟੀ ਹਲਕੇ ਨਾਲ ਸੰਬੰਧਿਤ ਹੋਰ ਮੰਗਾਂ ਨੂੰ ਵਿਚਾਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਅੰਦਰ ਨਹਿਰੀ ਪਾਣੀ ਦੀ ਵਰਤੋਂ ਲਈ 14 ਹਜ਼ਾਰ ਕਿਲੋਮੀਟਰ ਅੰਡਰਗਰਾਊਂਡ ਪਾਈਪਾਂ ਵਿਛਾਈਆਂ ਗਈਆਂ ਹਨ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹਰੇਕ ਦੇ ਖਾਤੇ ਵਿੱਚ ਹਰ ਮਹੀਨੇ ਪੈਸੇ ਪਾਏ ਜਾ ਰਹੇ ਹਨ।


Click it and Unblock the Notifications
