ਕੁਲਗਾਮ ਹਮਲੇ ਤੋਂ ਬਾਅਦ CRPF ਜਵਾਨਾਂ ਲਈ ਨਵੇਂ ਨਿਯਮ, ਬੁਲੇਟਪਰੂਫ ਜੈਕੇਟ ਤੇ ਹੈਲਮੇਟ ਲਾਜ਼ਮੀ
ਜੰਮੂ-ਕਸ਼ਮੀਰ ਵਿੱਚ ਡਿਊਟੀ ਕਰਨ ਵਾਲੇ ਸਾਰੇ ਸੀਆਰਪੀਐੱਫ (CRPF) ਜਵਾਨਾਂ ਲਈ ਹੁਣ ਬੁਲੇਟਪਰੂਫ ਜੈਕੇਟ ਅਤੇ ਹੈਲਮੇਟ ਪਹਿਨਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਜਵਾਨਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਵੀ ਪਾਬੰਦੀ ਰਹੇਗੀ। ਸਿਰਫ਼ ਕੰਪਨੀ ਕਮਾਂਡਰ ਹੀ ਜ਼ਰੂਰੀ ਸਰਕਾਰੀ ਕੰਮਾਂ ਲਈ ਮੋਬਾਈਲ ਫੋਨ ਦੀ ਵਰਤੋਂ ਕਰ ਸਕਣਗੇ।
ਹਾਲ ਹੀ ਵਿੱਚ ਕੁਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੀਆਰਪੀਐੱਫ ਨੇ ਜਵਾਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 11 ਨਵੰਬਰ ਨੂੰ ਕੁਲਗਾਮ ਵਿੱਚ ਹੋਏ ਇਸ ਹਮਲੇ ਦੌਰਾਨ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ। ਸੀਆਰਪੀਐੱਫ ਦੇ ਡੀਜੀ ਜੀ.ਪੀ. ਸਿੰਘ ਨੇ ਪਿਛਲੇ ਦਿਨੀਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਸੀ। ਇਸ ਤੋਂ ਬਾਅਦ ਸਾਰੇ ਕੰਪਨੀ ਕਮਾਂਡਰਾਂ ਨੂੰ ਜਾਂਚ ਨਾਕਿਆਂ 'ਤੇ ਸੁਰੱਖਿਆ ਵਧਾਉਣ ਅਤੇ ਲੋੜੀਂਦੀ ਗਿਣਤੀ ਵਿੱਚ ਜਵਾਨ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਵਾਨਾਂ ਨੂੰ ਗੋਲੀਬਾਰੀ ਤੋਂ ਬਚਾਉਣ ਲਈ ਬੁਲੇਟਪਰੂਫ ਸੁਰੱਖਿਆ ਚੌਕੀਆਂ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼ਾਮ ਅਤੇ ਰਾਤ ਦੇ ਸਮੇਂ ਸੁਰੱਖਿਆ ਨਾਕਿਆਂ 'ਤੇ ਲੋੜੀਂਦੀ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
ਕਮਾਂਡਰਾਂ ਦੀ ਸਿੱਧੀ ਨਿਗਰਾਨੀ
CRPF ਦੇ ਡਾਇਰੈਕਟਰ ਜਨਰਲ (DG) ਜੀ.ਪੀ. ਸਿੰਘ ਵੱਲੋਂ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਸਾਰੇ ਯੂਨਿਟ ਅਤੇ ਕੰਪਨੀ ਕਮਾਂਡਰਾਂ ਨੂੰ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਿਯਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਬੁਲੇਟਪਰੂਫ ਬੰਕਰ ਅਤੇ ਨਾਕਿਆਂ ਦੀ ਮਜ਼ਬੂਤੀ
ਸਾਰੇ ਚੈੱਕ-ਪੋਸਟਾਂ (ਨਾਕਿਆਂ) 'ਤੇ ਬੁਲੇਟਪਰੂਫ ਬੰਕਰ ਬਣਾਉਣ ਅਤੇ ਪਹਿਲਾਂ ਤੋਂ ਮੌਜੂਦ ਬੰਕਰਾਂ ਨੂੰ ਹੋਰ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਾਮ ਅਤੇ ਰਾਤ ਦੇ ਸਮੇਂ ਡਿਊਟੀ ਵਾਲੀਆਂ ਥਾਵਾਂ 'ਤੇ ਪੂਰੀ ਰੋਸ਼ਨੀ (lighting) ਦਾ ਪ੍ਰਬੰਧ ਰੱਖਣ ਲਈ ਕਿਹਾ ਗਿਆ ਹੈ।
ਮਾਰਿਆ ਗਿਆ ਅੱਤਵਾਦੀ ਲਤੀਫ਼ ਭੱਟ
ਦੱਸ ਦਈਏ ਕਿ 11 ਨਵੰਬਰ ਨੂੰ ਕੁਲਗਾਮ ਵਿੱਚ ਹੋਏ ਹਮਲੇ ਵਿੱਚ ਸ਼ਾਮਲ ਉਮਰ ਨਿਸਾਰ ਡਾਰ ਨੇ ਲਸ਼ਕਰ ਕਮਾਂਡਰ ਲਤੀਫ ਭੱਟ ਨੂੰ ਛੇ ਮਹੀਨਿਆਂ ਤੱਕ ਪਨਾਹ ਦਿੱਤੀ ਸੀ। ਦੋਵਾਂ ਨੇ ਹਮਲੇ ਤੋਂ ਪਹਿਲਾਂ ਕਈ ਇਲਾਕਿਆਂ ਦੀ ਰੇਕੀ ਵੀ ਕੀਤੀ ਸੀ। ਸੋਮਵਾਰ ਨੂੰ ਹੋਏ ਮੁਕਾਬਲੇ ਵਿੱਚ ਉਮਰ ਨਿਸਾਰ ਡਾਰ ਮਾਰਿਆ ਗਿਆ, ਜਦਕਿ ਲਤੀਫ ਭੱਟ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ। ਬਾਅਦ ਵਿੱਚ ਅੱਤਵਾਦੀ ਲਤੀਫ ਭੱਟ ਨੂੰ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਮਾਰ ਦਿੱਤਾ। ਉਹ ਇੱਕ ਮਸਜਿਦ ਦੇ ਅੰਦਰ ਲੁਕਿਆ ਹੋਇਆ ਸੀ।


Click it and Unblock the Notifications
