26 ਨਵੰਬਰ ਨੂੰ ਮੋਗਾ ਵਿੱਚ ‘ਆਪ’ ਦੀ ਵੱਡੀ ਰੈਲੀ, ਪੰਜਾਬ 'ਚ ਚੋਣ ਮੁਹਿਮ ਦਾ ਆਗਾਜ਼ ਕਰੇਗੀ ਪਾਰਟੀ, ਮੈਨੀਫੈਸਟੋ ਹੋ ਸਕਦੈ ਜਾਰੀ
ਆਮ ਆਦਮੀ ਪਾਰਟੀ ਦੀ 26 ਨਵੰਬਰ ਨੂੰ ਮੋਗਾ ਵਿੱਚ ਵੱਡੀ ਸਿਆਸੀ ਰੈਲੀ ਹੋਣ ਜਾ ਰਹੀ ਹੈ। ਪਾਰਟੀ ਵੱਲੋਂ ਇਸਦੀਆਂ ਤਿਆਰੀਆਂ ਜੋਰਾਂ 'ਤੇ ਹੈ। ਆਮ ਆਦਮੀ ਪਾਰਟੀ ਇਸ ਰੈਲੀ ਤੋਂ ਆਪਣੀ ਚੋਣ ਮੁਹਿੰਮ ਦਾ ਆਗ਼ਾਜ਼ ਕਰੇਗੀ। ਇਸ ਦਿਨ 'ਆਪ' ਦਾ ਸਥਾਪਨਾ ਦਿਵਸ ਅਤੇ ਦੇਸ਼ ਦਾ ਸੰਵਿਧਾਨ ਦਿਵਸ ਵੀ ਹੈ।
ਪਾਰਟੀ ਇਸ ਰੈਲੀ ਜ਼ਰੀਏ ਮੋਗਾ ਵਿੱਚ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕਰੇਗੀ। 'ਆਪ' ਅਗਾਮੀ ਚੋਣਾਂ ਲਈ ਹੁਣ ਤੱਕ 71 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਮੋਗਾ ਰੈਲੀ ਤੋਂ ਪਹਿਲਾਂ ਪਾਰਟੀ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਹੋਣ ਦੀ ਸੰਭਾਵਨਾ ਹੈ। ਨਵੇਂ ਐਲਾਨੇ ਉਮੀਦਵਾਰਾਂ ਨੂੰ ਰੈਲੀ ਲਈ ਇਕੱਠ ਦੀ ਜ਼ਿੰਮੇਵਾਰੀ व ਦਿੱਤੀ ਜਾਵੇਗੀ। ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਮਾਮਲੇ ਸਮੇਤ ਸੰਗਰੂਰ ਤੇ ਮਾਨਸਾ 'ਚ ਹੋਈਆਂ ਘਟਨਾਵਾਂ ਮਗਰੋਂ ਮਾਲਵੇ ਵਿੱਚ ਪਾਰਟੀ ਦਾ ਇਹ ਵੱਡਾ ਪ੍ਰੋਗਰਾਮ ਹੋਵੇਗਾ।

ਅਰਵਿੰਦ ਕੇਜਰੀਵਾਲ ਆਉਣਗੇ ਪੰਜਾਬ
ਰੈਲੀ ਲਈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਪਹੁੰਚਣਗੇ। ਸਟੇਜ 'ਤੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਲੰਮੇ ਸਮੇਂ ਮਗਰੋਂ ਇਕੱਠੇ ਨਜ਼ਰ ਆਉਣਗੇ। ਕੇਜਰੀਵਾਲ ਪਿਛਲੇ ਸਮੇਂ ਦੌਰਾਨ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਤੋਂ ਦੂਰ ਰਹੇ ਹਨ। ਪਾਰਟੀ ਆਪਣੀ ਸਰਕਾਰ ਦੇ 56 ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਵਿੱਚ 300 ਯੂਨਿਟ ਮੁਫ਼ਤ ਬਿਜਲੀ, ਮਾਵਾਂ ਧੀਆਂ ਸਤਿਕਾਰ ਯੋਜਨਾ, ਮੁੱਖ ਮੰਤਰੀ ਤੀਰਥ ਯਾਤਰਾ, ਆਮ ਆਦਮੀ ਕਲੀਨਿਕ, ਨਹਿਰੀ ਪਾਣੀ ਤੇ ਮੁੱਖ ਮੰਤਰੀ ਸਿਹਤ ਯੋਜਨਾ, 70 ਹਜ਼ਾਰ ਤੋਂ ਵੱਧ ਸਰਕਾਰੀ ਨਿਯੁਕਤੀਆਂ ਅਤੇ ਮੇਰੀ ਰਸੋਈ ਆਦਿ ਪ੍ਰਮੁੱਖ ਪ੍ਰਾਪਤੀਆਂ ਦਾ ਜ਼ਿਕਰ ਹੋਵੇਗਾ।
ਚੋਣ ਮੈਨੀਫੈਸਟੋ ਐਲਾਨ ਸਕਦੀ ਹੈ ਪਾਰਟੀ!
ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਨੂੰ ਲੈ ਕੇ ਇਹ ਚਰਚਾਵਾਂ ਤੇਜ਼ ਹਨ ਕਿ ਪਾਰਟੀ ਇਸ ਰੈਲੀ ਦੀ ਸਟੇਜ ਤੋਂ ਆਪਣਾ ਚੋਣ ਮੈਨੀਫੈਸਟੋ ਐਲਾਨ ਸਕਦੀ ਹੈ। ਆਉਣ ਵਾਲੇ 5 ਸਾਲਾਂ ਲਈ ਪਾਰਟੀ ਪੰਜਾਬ ਨੂੰ ਕੀ ਦੇਣਾ ਚਾਹੁੰਦੀ ਹੈ ਇਸਨੂੰ ਲੈ ਕੇ ਪਾਰਟੀ ਆਪਣੇ ਚੋਣ ਏਜੰਡੇ ਦਾ ਐਲਾਨ ਕਰ ਸਕਦੀ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ ਕਿ ਜੋ ਵੀ ਗਾਰੰਟੀਆਂ ਲੋਕਾਂ ਨੂੰ 2022 'ਚ ਦਿੱਤੀਆਂ ਸੀ ਸਰਕਾਰ ਨੇ ਉਹ ਸਾਰੇ ਕੰਮ ਪੂਰੇ ਕੀਤੇ ਹਨ।
ਸਿਆਸੀ ਪਾਰਟੀਆਂ ਦੀ ਮੋਗਾ ਤੋਂ ਚੋਣ ਮੁਹਿੰਮ ਸ਼ੁਰੂ ਕਰਨ ਪਿੱਛੇ ਸਿਆਸੀ ਮਹੱਤਤਾ ਹੈ। ਮੋਗਾ ਭੂਗੋਲਿਕ ਤੌਰ 'ਤੇ ਪੰਜਾਬ ਦੇ ਕੇਂਦਰ ਵਿੱਚ ਪੈਂਦਾ ਹੈ ਅਤੇ ਸਿਆਸਤ ਦਾ ਅਹਿਮ ਕੇਂਦਰ ਵੀ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ 1996, 2006 ਅਤੇ 2011 'ਚ ਆਪੋ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਮੋਗਾ ਤੋਂ ਕੀਤੀ ਸੀ। ਪੰਜਾਬ ਦੇ ਸਿਆਸੀ ਇਤਿਹਾਸ 'ਚ ਮੋਗਾ ਦਾ ਅਹਿਮ ਸਥਾਨ ਰਿਹਾ ਹੈ। ਲਾਲਾ ਲਾਜਪਤ ਰਾਏ ਇਸ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਤੋਂ ਸਨ ਅਤੇ 1972 ਦੇ ਵਿਦਿਆਰਥੀ ਅੰਦੋਲਨ ਨੇ ਵੀ ਮੋਗਾ ਦੀ ਗੂੰਜ ਚਾਰ ਚੁਫੇਰੇ ਪਾਈ ਸੀ।


Click it and Unblock the Notifications
