ਨੇਤਨਯਾਹੂ ਦੀ ਕੁਰਸੀ ਖ਼ਤਰੇ 'ਚ! PM ਬਣਨ ਤੋਂ ਰੋਕਣ ਲਈ ਆਈਜ਼ਨਕੋਟ ਨੇ ਸੰਸਦ 'ਚ ਪੇਸ਼ ਕੀਤੇ 8 ਬਿੱਲ
ਇਜ਼ਰਾਈਲ ਦੀ ਸਿਆਸਤ ਵਿੱਚ ਵੱਡਾ ਸਿਆਸੀ ਘਮਾਸਾਨ ਦੇਖਣ ਨੂੰ ਮਿਲ ਰਿਹਾ ਹੈ। ਬੈਂਜਾਮਿਨ ਨੇਤਨਯਾਹੂ ਨੂੰ ਮੁੜ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਲਈ ਗਾਦੀ ਆਈਜ਼ਨਕੋਟ ਨੇ ਵੱਡਾ ਕਦਮ ਚੁੱਕਿਆ ਹੈ। ਆਈਜ਼ਨਕੋਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੰਸਦ ਵਿੱਚ 8 ਬਿੱਲ ਪੇਸ਼ ਕੀਤੇ ਹਨ।
ਇਨ੍ਹਾਂ ਵਿੱਚੋਂ ਇੱਕ ਬਿੱਲ ਮੁਤਾਬਕ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਆਗੂ ਜਾਂ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ। ਜ਼ਿਕਰਯੋਗ ਹੈ ਕਿ ਬੈਂਜਾਮਿਨ ਨੇਤਨਯਾਹੂ ਵਿਰੁੱਧ ਭ੍ਰਿਸ਼ਟਾਚਾਰ ਦੇ ਤਿੰਨ ਮਾਮਲੇ ਚੱਲ ਰਹੇ ਹਨ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਨੇਤਨਯਾਹੂ ਦੇ ਮੁੜ ਪ੍ਰਧਾਨ ਮੰਤਰੀ ਬਣਨ ਦਾ ਰਾਹ ਬੰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿਣ ਦੀ ਮਿਆਦ ਤੈਅ ਕਰਨ ਅਤੇ ਨੇਤਨਯਾਹੂ ਸਰਕਾਰ ਦੇ ਕੁਝ ਪੁਰਾਣੇ ਫ਼ੈਸਲਿਆਂ ਨੂੰ ਰੱਦ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

ਅਰਬ ਪਾਰਟੀਆਂ ਨੇ ਸਮਰਥਨ ਦੇ ਬਦਲੇ ਰੱਖੀਆਂ ਸ਼ਰਤਾਂ
ਜ਼ਿਕਰਯੋਗ ਹੈ ਕਿ ਗਾਦੀ ਆਈਜ਼ਨਕੋਟ ਇਜ਼ਰਾਈਲ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਹਨ। ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਉਨ੍ਹਾਂ ਨੂੰ ਅਗਲੀ ਸਰਕਾਰ ਬਣਾਉਣ ਲਈ ਚੁਣਿਆ ਹੈ। ਆਈਜ਼ਨਕੋਟ ਕੋਲ ਸਰਕਾਰ ਬਣਾਉਣ ਲਈ 6 ਹਫ਼ਤਿਆਂ ਦਾ ਸਮਾਂ ਹੈ। ਇਸ ਦੌਰਾਨ ਉਨ੍ਹਾਂ ਨੂੰ ਸੰਸਦ ਵਿੱਚ ਬਹੁਮਤ ਸਾਬਤ ਕਰਨਾ ਹੋਵੇਗਾ।
ਇਜ਼ਰਾਈਲ ਵਿੱਚ ਸਰਕਾਰ ਬਣਾਉਣ ਲਈ 61 ਸੰਸਦ ਮੈਂਬਰਾਂ ਦਾ ਸਮਰਥਨ ਜ਼ਰੂਰੀ ਹੈ। ਆਈਜ਼ਨਕੋਟ ਦੇ ਗਠਜੋੜ ਨੂੰ 6 ਪਾਰਟੀਆਂ ਦੇ 67 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ ਹੈ, ਜਦਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕੋਲ ਸਿਰਫ਼ 46 ਸੰਸਦ ਮੈਂਬਰਾਂ ਦਾ ਸਮਰਥਨ ਹੈ, ਜੋ ਬਹੁਮਤ ਦੇ ਅੰਕੜੇ ਤੋਂ ਕਾਫ਼ੀ ਘੱਟ ਹੈ।
ਨੇਤਨਯਾਹੂ ਨੂੰ ਸੱਤਾ ਤੋਂ ਦੂਰ ਰੱਖਣ ਲਈ ਅਰਬ ਪਾਰਟੀਆਂ ਨੇ ਆਈਜ਼ਨਕੋਟ ਦੀ ਹਮਾਇਤ ਕਰਨ ਦੀ ਗੱਲ ਕਹੀ ਹੈ। ਹਾਲਾਂਕਿ, ਇਸ ਦੇ ਬਦਲੇ ਇਨ੍ਹਾਂ ਪਾਰਟੀਆਂ ਨੇ ਕੁਝ ਸ਼ਰਤਾਂ ਰੱਖੀਆਂ ਹਨ। ਸੂਤਰਾਂ ਮੁਤਾਬਕ ਉਹ ਰਿਹਾਇਸ਼ ਅਤੇ ਅਪਰਾਧ ਨਾਲ ਜੁੜੇ ਕਾਨੂੰਨਾਂ ਵਿੱਚ ਬਦਲਾਅ ਚਾਹੁੰਦੀਆਂ ਹਨ। ਅਰਬ ਪਾਰਟੀਆਂ ਖ਼ਾਸ ਤੌਰ 'ਤੇ ਕਾਮਿਨਿਟਜ਼ ਕਾਨੂੰਨ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ। ਇਸ ਕਾਨੂੰਨ ਤਹਿਤ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਬਣਾਏ ਗਏ ਘਰਾਂ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਢਾਹੁਣ ਦੇ ਹੁਕਮ ਵੀ ਦਿੱਤੇ ਜਾ ਸਕਦੇ ਹਨ।
ਅਰਬ ਪਾਰਟੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਘਰ ਬਣਾਉਣ ਲਈ ਸਰਕਾਰੀ ਮਨਜ਼ੂਰੀ ਆਸਾਨੀ ਨਾਲ ਨਹੀਂ ਮਿਲਦੀ। ਇਸ ਕਾਰਨ ਲੋਕ ਮਜਬੂਰੀ ਵਿੱਚ ਬਿਨਾਂ ਮਨਜ਼ੂਰੀ ਤੋਂ ਘਰ ਬਣਾਉਂਦੇ ਹਨ ਅਤੇ ਬਾਅਦ ਵਿੱਚ ਇਸੇ ਕਾਨੂੰਨ ਤਹਿਤ ਉਨ੍ਹਾਂ ਦੇ ਘਰਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਇਸ ਲਈ ਉਹ ਇਸ ਕਾਨੂੰਨ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੀਆਂ ਹਨ।
ਨੇਤਨਯਾਹੂ ਸਮਰਥਕਾਂ ਨੇ ਗ੍ਰਹਿ ਯੁੱਧ ਛਿੜਨ ਦੀ ਦਿੱਤੀ ਚਿਤਾਵਨੀ
ਦੂਜੇ ਪਾਸੇ ਗਾਦੀ ਆਈਜ਼ਨਕੋਟ ਵੱਲੋਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਨੇਤਨਯਾਹੂ ਸਮਰਥਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਯੇਰੂਸ਼ਲਮ ਵਿੱਚ ਸੰਸਦ ਦੇ ਬਾਹਰ ਸੈਂਕੜੇ ਲੋਕ ਇਕੱਠੇ ਹੋਏ। ਇਨ੍ਹਾਂ ਵਿੱਚ ਨੇਤਨਯਾਹੂ ਦੇ ਸਮਰਥਕਾਂ ਦੇ ਨਾਲ-ਨਾਲ ਦੱਖਣਪੰਥੀ ਸੰਗਠਨਾਂ ਦੇ ਮੈਂਬਰ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਦਾ ਵਿਰੋਧ ਇਸ ਗੱਲ ਨੂੰ ਲੈ ਕੇ ਸੀ ਕਿ ਗਾਦੀ ਆਈਜ਼ਨਕੋਟ ਅਰਬ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀ ਸਰਕਾਰ ਬਣੀ ਤਾਂ ਦੇਸ਼ ਵਿੱਚ ਗ੍ਰਹਿ ਯੁੱਧ ਛਿੜ ਸਕਦਾ ਹੈ।
ਪ੍ਰਦਰਸ਼ਨ ਦੌਰਾਨ ਲੋਕਾਂ ਨੇ 'ਸਾਨੂੰ ਯਹੂਦੀ ਰਾਸ਼ਟਰ ਚਾਹੀਦਾ ਹੈ' ਅਤੇ 'ਅੱਤਵਾਦੀਆਂ ਨਾਲ ਸਰਕਾਰ ਨਾ ਬਣਾਓ' ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਚੋਣਾਂ ਵਿੱਚ ਧਾਂਦਲੀ ਹੋਣ ਦੇ ਦੋਸ਼ ਵੀ ਲਗਾਏ ਅਤੇ ਮੁੜ ਵੋਟਿੰਗ ਕਰਵਾਉਣ ਦੀ ਮੰਗ ਕੀਤੀ।


Click it and Unblock the Notifications
