ਏਅਰ ਇੰਡੀਆ ਦੀ ਫਲਾਈਟ ਨੂੰ ਹਾਈਜੈਕ ਕਰਨ ਦੀ ਧਮਕੀ, ਟਾਇਲਟ 'ਚੋਂ ਮਿਲਿਆ ਨੋਟ, ਸੁਰੱਖਿਆ ਏਜੰਸੀਆਂ ਅਲਰਟ
ਏਅਰ ਇੰਡੀਆ ਦੀ ਕੋਲਕਾਤਾ-ਮੁੰਬਈ ਫਲਾਈਟ ਨੂੰ ਬੁੱਧਵਾਰ ਸਵੇਰੇ ਹਾਈਜੈਕ ਕਰਨ ਦੀ ਧਮਕੀ ਮਿਲੀ। ਜਹਾਜ਼ ਦੇ ਟਾਇਲਟ ਵਿੱਚੋਂ ਮਿਲੇ ਇੱਕ ਨੋਟ ਵਿੱਚ ਲਿਖਿਆ ਸੀ ਕਿ ਸਵੇਰੇ 11:10 ਵਜੇ ਜਹਾਜ਼ ਨੂੰ ਹਾਈਜੈਕ ਕਰ ਲਿਆ ਜਾਵੇਗਾ।
ਨੋਟ ਮਿਲਦੇ ਹੀ ਚਾਲਕ ਦਲ (ਕ੍ਰੂ) ਨੇ ਪਾਇਲਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਅਲਰਟ ਕਰ ਦਿੱਤਾ। ਇਸ ਤੋਂ ਬਾਅਦ ਜਹਾਜ਼ ਨੂੰ ਕੋਲਕਾਤਾ ਹਵਾਈ ਅੱਡੇ ਦੇ ਆਈਸੋਲੇਸ਼ਨ ਬੇਅ ਵਿੱਚ ਲਿਜਾਇਆ ਗਿਆ। ਇੱਥੇ ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੀ ਜਾਂਚ ਸ਼ੁਰੂ ਕਰ ਦਿੱਤੀ। ਜਿਸ ਸਮੇਂ ਇਹ ਧਮਕੀ ਮਿਲੀ, ਉਸ ਸਮੇਂ ਜਹਾਜ਼ ਵਿੱਚ 93 ਯਾਤਰੀ ਅਤੇ 5 ਕ੍ਰੂ ਮੈਂਬਰ ਸਵਾਰ ਸਨ।

ਏਅਰ ਇੰਡੀਆ ਦਾ ਏਅਰਬੱਸ A320neo ਜਹਾਜ਼ ਕੋਲਕਾਤਾ ਤੋਂ ਮੁੰਬਈ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਕ੍ਰੂ ਮੈਂਬਰ ਨੂੰ ਜਹਾਜ਼ ਦੇ ਟਾਇਲਟ ਵਿੱਚੋਂ ਇਹ ਧਮਕੀ ਭਰਿਆ ਨੋਟ ਮਿਲਿਆ। ਫਿਲਹਾਲ ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਵਿਸਤਾਰਾ ਦੀ ਲਿਵਰੀ (ਖ਼ਾਸ ਬਾਹਰੀ ਰੰਗ-ਰੂਪ) ਨਾਲ ਚਲਾਇਆ ਜਾ ਰਿਹਾ ਸੀ।
3 ਦਿਨ ਪਹਿਲਾਂ ਵੀ ਮਿਲੀ ਸੀ ਇਸੀ ਤਰ੍ਹਾਂ ਦੀ ਧਮਕੀ
ਜਹਾਜ਼ ਨੂੰ ਹਾਈਜੈਕ ਕਰਨ ਦੀ ਧਮਕੀ ਮਿਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। 3 ਦਿਨ ਪਹਿਲਾਂ ਵੀ ਬੈਂਗਲੁਰੂ ਤੋਂ ਲਖਨਊ ਜਾ ਰਹੀ ਇੰਡੀਗੋ ਦੀ ਫਲਾਈਟ 6E-451 ਨੂੰ ਸ਼ਨੀਵਾਰ ਨੂੰ ਹਾਈਜੈਕ ਕਰਨ ਦੀ ਧਮਕੀ ਮਿਲੀ। ਜਹਾਜ਼ ਦੇ ਕ੍ਰੂ ਮੈਂਬਰਾਂ ਨੂੰ ਟਾਇਲਟ ਵਿੱਚੋਂ ਧਮਕੀ ਭਰਿਆ ਨੋਟ ਮਿਲਿਆ।
ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਵਾਪਸ ਬੈਂਗਲੁਰੂ ਲਿਜਾਣ ਦਾ ਫ਼ੈਸਲਾ ਕੀਤਾ। ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 'ਤੇ ਪੂਰੀ ਐਮਰਜੈਂਸੀ ਐਲਾਨ ਦਿੱਤੀ ਗਈ ਸੀ । ਬੈਂਗਲੁਰੂ ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ । ਇਸ ਮਾਮਲੇ ਦੀ ਜਾਂਚ ਵੀ ਫਿਲਹਾਲ ਜਾਰੀ ਹੈ।
ਹੁਣ ਅੱਜ ਜੋ ਧਮਕੀ ਭਰਿਆ ਨੋਟ ਮਿਲਿਆ ਹੈ ਉਸਨੂੰ ਲੈ ਕੇ ਵੀ ਜਾਂਚ ਜਾਰੀ ਹੈ।


Click it and Unblock the Notifications
