ਪਹਾੜਾਂ ’ਚ ਬਰਫ਼ਬਾਰੀ, ਮੈਦਾਨਾਂ ’ਚ ਵਧੀ ਠੰਢ; ਪੰਜਾਬ ਦੇ ਮੌਸਮ ਦੀ ਪੜ੍ਹੋ ਅਪਡੇਟ
ਪਹਾੜਾਂ ਵਿੱਚ ਬਰਫ਼ ਪੈ ਗਈ ਹੈ ਜਿਸ ਦੇ ਚਲਦਿਆਂ ਮੈਦਾਨੀ ਇਲਾਕਿਆਂ 'ਚ ਠੰਢ ਵਧ ਗਈ ਹੈ। ਉੱਤਰਾਖੰਡ ਦੇ ਕੇਦਾਰਨਾਥ ਵਿੱਚ ਐਤਵਾਰ ਦੇਰ ਰਾਤ ਬਰਫ਼ਬਾਰੀ ਹੋਈ। ਇਸ ਤੋਂ ਪਹਿਲਾਂ ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿੱਚ ਵੀ ਬਰਫ਼ਬਾਰੀ ਦਰਜ ਕੀਤੀ ਗਈ ਸੀ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਸੋਮਵਾਰ ਨੂੰ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਵਧ ਗਈ ਹੈ।
ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਉੱਤਰ ਪ੍ਰਦੇਸ਼ ਵਿੱਚ ਠੰਢ ਦਾ ਅਸਰ ਵਧ ਗਿਆ ਹੈ। ਸੋਮਵਾਰ ਸਵੇਰੇ ਲਖਨਊ, ਕਾਨਪੁਰ, ਪ੍ਰਯਾਗਰਾਜ, ਵਾਰਾਣਸੀ ਅਤੇ ਗੋਰਖਪੁਰ ਸਮੇਤ 21 ਸ਼ਹਿਰਾਂ ਵਿੱਚ ਸੰਘਣੀ ਧੁੰਦ ਛਾਈ ਰਹੀ। ਇਸ ਦੇ ਨਾਲ ਹੀ ਨੋਇਡਾ ਅਤੇ ਗਾਜ਼ੀਆਬਾਦ ਸਮੇਤ 10 ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ (AQI) 200 ਤੋਂ ਪਾਰ ਦਰਜ ਕੀਤਾ ਗਿਆ। ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਪਹਾੜੀ ਜ਼ਿਲ੍ਹਿਆਂ ਵਿੱਚ ਧੁੰਦ ਛਾਈ ਰਹਿ ਸਕਦੀ ਹੈ।

ਰਾਜਸਥਾਨ ਵਿੱਚ ਮੀਂਹ ਕਾਰਨ ਵਧੀ ਠੰਢ
ਰਾਜਸਥਾਨ ਵਿੱਚ ਦੋ ਦਿਨਾਂ ਤੱਕ ਹੋਈ ਬਾਰਿਸ਼ ਕਾਰਨ ਸੋਮਵਾਰ ਨੂੰ ਠੰਢ ਵਿੱਚ ਵਾਧਾ ਹੋਇਆ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਅਗਲੇ ਤਿੰਨ ਤੋਂ ਚਾਰ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉੱਧਰ, ਮੱਧ ਪ੍ਰਦੇਸ਼ ਵਿੱਚ 20 ਨਵੰਬਰ ਤੋਂ ਬਾਅਦ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਦਰਅਸਲ ਬੰਗਾਲ ਦੀ ਖਾੜੀ ਵਿੱਚ ਬਣਿਆ ਡੂੰਘਾ ਦਬਾਅ (Deep Depression) ਮੰਗਲਵਾਰ ਸ਼ਾਮ ਤੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਸਕਦਾ ਹੈ।
ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਇਸ ਤੋਂ ਬਾਅਦ ਇਹ ਉੱਤਰ-ਪੱਛਮੀ ਦਿਸ਼ਾ ਵੱਲ ਵਧਦਿਆਂ ਅਗਲੇ ਦੋ ਦਿਨਾਂ ਵਿੱਚ ਆਂਧਰਾ ਪ੍ਰਦੇਸ਼ ਦੇ ਤੱਟ ਵੱਲ ਵਧ ਸਕਦਾ ਹੈ। ਮੌਸਮ ਵਿਭਾਗ ਨੇ ਤਾਮਿਲਨਾਡੂ, ਪੁਡੂਚੇਰੀ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਸੂਬਿਆਂ ਵਿੱਚ ਚੱਕਰਵਾਤੀ ਤੂਫ਼ਾਨ ਦੇ ਪ੍ਰਭਾਵ ਕਾਰਨ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ 6 ਦਿਨ ਨਹੀਂ ਪਵੇਗਾ ਮੀਂਹ
ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਅੱਜ ਤੋਂ ਅਗਲੇ 6 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪੂਰਵ ਅਨੁਮਾਨ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਆਵੇਗੀ, ਜਿਸ ਕਾਰਨ ਠੰਢ ਦਾ ਅਸਰ ਹੋਰ ਵਧ ਸਕਦਾ ਹੈ। ਇਸ ਤੋਂ ਇਲਾਵਾ ਰਾਤ ਅਤੇ ਸਵੇਰ ਸਮੇਂ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ।


Click it and Unblock the Notifications
