ਸ਼ੇਖ ਹਸੀਨਾ ਦੀ ਬੰਗਲਾਦੇਸ਼ ਵਾਪਸੀ ਤੋਂ ਪਹਿਲਾਂ ਬਿਗੜੇ ਹਾਲਾਤ, ਕਈ ਥਾਵਾਂ 'ਤੇ ਬੰਬ ਧਮਾਕੇ, ਘਰਾਂ ਨੂੰ ਲਾਈ ਗਈ ਅੱਗ,ਪੜ੍ਹੋ ਪੂਰੀ ਖ਼ਬਰ
ਬੰਗਲਾਦੇਸ਼ ਵਿੱਚ ਅਵਾਮੀ ਲੀਗ ਵੱਲੋਂ ਦੇਸ਼ ਪੱਧਰੀ ਬੰਦ ਦੇ ਐਲਾਨ ਦਰਮਿਆਨ ਹਿੰਸਾ ਭੜਕ ਗਈ ਹੈ। ਰਾਜਧਾਨੀ ਢਾਕਾ ਵਿੱਚ ਸਵੇਰ ਹੋਣ ਤੋਂ ਪਹਿਲਾਂ ਕਈ ਥਾਵਾਂ 'ਤੇ ਦੇਸੀ ਬੰਬ ਧਮਾਕੇ ਹੋਏ। ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਗਜ਼ਨੀ, ਭੰਨਤੋੜ ਅਤੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਪ੍ਰਦਰਸ਼ਨਕਾਰੀਆਂ ਨੇ ਪਿਛਲੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਦੇ ਚਟਗਾਂਵ ਸਥਿਤ ਜੱਦੀ ਘਰ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਨ੍ਹਾਂ ਦੇ ਗ੍ਰਾਮੀਣ ਬੈਂਕ ਦੀਆਂ ਕਈ ਸ਼ਾਖਾਵਾਂ ਨੂੰ ਵੀ ਅੱਗ ਲਗਾਈ ਗਈ। ਢਾਕਾ ਵਿੱਚ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਦੇ ਦੋ ਆਗੂਆਂ ਦੇ ਘਰਾਂ 'ਤੇ ਵੀ ਹਮਲੇ ਹੋਏ। ਇਨ੍ਹਾਂ ਹਮਲਿਆਂ ਪਿੱਛੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਵਰਕਰਾਂ ਦਾ ਹੱਥ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਢਾਕਾ ਵਿੱਚ ਲੌਕਡਾਊਨ ਤੋਂ ਪਹਿਲਾਂ 565 ਲੋਕ ਗ੍ਰਿਫ਼ਤਾਰ
ਅਵਾਮੀ ਲੀਗ ਨੇ ਦੇਸ਼ ਭਰ ਵਿੱਚ ਲੌਕਡਾਊਨ ਜਾਂ ਬੰਦ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਰਾਜਧਾਨੀ ਢਾਕਾ ਵਿੱਚ 24 ਘੰਟਿਆਂ ਦੌਰਾਨ 565 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਹਸੀਨਾ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਨੂਰੁਲ ਇਸਲਾਮ ਨਾਹਿਦ ਵੀ ਸ਼ਾਮਲ ਹਨ। ਉਨ੍ਹਾਂ ਨੂੰ ਬੁੱਧਵਾਰ ਅੱਧੀ ਰਾਤ ਨੂੰ ਢਾਕਾ ਸਥਿਤ ਉਨ੍ਹਾਂ ਦੇ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ।
ਅਵਾਮੀ ਲੀਗ ਨੇ ਇਹ ਬੰਦ ਪਿਛਲੇ ਸਾਲ ਵਿਸ਼ੇਸ਼ ਟ੍ਰਿਬਿਊਨਲ ਵੱਲੋਂ ਸੁਣਾਏ ਗਏ ਉਸ ਫੈਸਲੇ ਦੀ ਵਰ੍ਹੇਗੰਢ ਮੌਕੇ ਬੁਲਾਇਆ ਸੀ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਸੀਨਾ 'ਤੇ ਜੁਲਾਈ 2024 ਦੇ ਵਿਦਿਆਰਥੀ ਅੰਦੋਲਨ ਨੂੰ ਦਬਾਉਣ ਦੌਰਾਨ ਮਨੁੱਖਤਾ ਵਿਰੁੱਧ ਅਪਰਾਧ ਕਰਨ ਦੇ ਦੋਸ਼ ਲਗਾਏ ਗਏ ਸਨ।
28 ਜ਼ਿਲ੍ਹਿਆਂ ਵਿੱਚ ਬੰਬ ਧਮਾਕੇ ਅਤੇ ਅੱਗਜ਼ਨੀ
ਪਿਛਲੇ ਦੋ ਦਿਨਾਂ ਦੌਰਾਨ ਬੰਗਲਾਦੇਸ਼ ਦੇ 28 ਜ਼ਿਲ੍ਹਿਆਂ ਵਿੱਚ ਦੇਸੀ ਬੰਬ ਧਮਾਕੇ ਹੋਏ ਅਤੇ ਵਾਹਨਾਂ ਨੂੰ ਅੱਗ ਲਗਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਘੱਟੋ-ਘੱਟ ਦੋ BNP ਦਫ਼ਤਰਾਂ ਅਤੇ ਪਾਰਟੀ ਦੇ ਇੱਕ ਆਗੂ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਦੂਜੇ ਪਾਸੇ, ਅਵਾਮੀ ਲੀਗ ਦੇ ਦੋ ਪਾਰਟੀ ਦਫ਼ਤਰਾਂ ਅਤੇ ਪਾਰਟੀ ਆਗੂਆਂ ਦੀਆਂ ਪੰਜ ਜਾਇਦਾਦਾਂ ਨੂੰ ਵੀ ਅੱਗ ਲਗਾਈ ਗਈ।
ਪੁਲਿਸ ਨੇ ਰਾਜਧਾਨੀ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਸ਼ਹਿਰ ਵਿੱਚ ਆਉਣ-ਜਾਣ ਵਾਲੇ ਰਸਤਿਆਂ 'ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੱਕੀ ਮੋਟਰਸਾਈਕਲ ਸਵਾਰਾਂ ਅਤੇ ਵਾਹਨ ਚਾਲਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।
ਤਾਰਿਕ ਰਹਿਮਾਨ ਨੇ ਅਵਾਮੀ ਲੀਗ ਵਿਰੁੱਧ ਇਕਜੁੱਟ ਹੋਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਬੁੱਧਵਾਰ ਰਾਤ ਨੂੰ ਸਿਆਸੀ ਪਾਰਟੀਆਂ ਅਤੇ ਲੋਕਤੰਤਰੀ ਤਾਕਤਾਂ ਨੂੰ ਅਵਾਮੀ ਲੀਗ ਦੀ ਮੁੜ ਸਰਗਰਮੀ ਰੋਕਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅਵਾਮੀ ਲੀਗ ਨੂੰ ਅੱਤਵਾਦੀ ਸੰਗਠਨ ਅਤੇ ਸੱਤਾ ਤੋਂ ਬਾਹਰ ਕੀਤੀ ਗਈ ਫਾਸ਼ੀਵਾਦੀ ਤਾਕਤ ਕਰਾਰ ਦਿੱਤਾ। ਸੰਸਦ ਵਿੱਚ ਆਪਣੇ ਸੰਬੋਧਨ ਦੌਰਾਨ ਤਾਰਿਕ ਰਹਿਮਾਨ ਨੇ ਕਿਹਾ ਕਿ ਸਾਲ 2024 ਦੀ ਤਰ੍ਹਾਂ ਇੱਕ ਵਾਰ ਫਿਰ ਸਾਰਿਆਂ ਨੂੰ ਇਕਜੁੱਟ ਹੋ ਕੇ ਅਜਿਹੀਆਂ ਤਾਕਤਾਂ ਨੂੰ ਨਿਰਣਾਇਕ ਤੌਰ 'ਤੇ ਹਰਾਉਣਾ ਹੋਵੇਗਾ।
ਉਨ੍ਹਾਂ ਨੇ BNP ਦੇ ਸੰਸਦ ਮੈਂਬਰਾਂ ਨੂੰ ਆਪਣੇ-ਆਪਣੇ ਚੋਣ ਹਲਕਿਆਂ ਵਿੱਚ ਵਾਪਸ ਜਾਣ ਅਤੇ ਪਾਰਟੀ ਵਰਕਰਾਂ ਨਾਲ ਸੜਕਾਂ 'ਤੇ ਸਰਗਰਮ ਰਹਿਣ ਲਈ ਵੀ ਕਿਹਾ।
ਸ਼ੇਖ ਹਸੀਨਾ ਦੀ ਵਾਪਸੀ ਦੇ ਐਲਾਨ ਮਗਰੋਂ ਵਧਿਆ ਤਣਾਅ
ਦੱਸ ਦਈਏ ਕਿ ਬੰਗਲਾਦੇਸ਼ ਵਿੱਚ 5 ਅਗਸਤ 2024 ਨੂੰ ਵਿਦਿਆਰਥੀ ਅੰਦੋਲਨ ਤੋਂ ਬਾਅਦ ਸ਼ੇਖ ਹਸੀਨਾ ਦੀ ਸਰਕਾਰ ਡਿੱਗ ਗਈ ਸੀ। ਇਸ ਤੋਂ ਬਾਅਦ ਮੁਹੰਮਦ ਯੂਨੁਸ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਦੀ ਸਰਕਾਰ ਨੇ ਅਵਾਮੀ ਲੀਗ ਨੂੰ ਭੰਗ ਕਰ ਦਿੱਤਾ ਸੀ ਅਤੇ ਪਾਰਟੀ ਦੇ ਹਜ਼ਾਰਾਂ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਰਹਿ ਰਹੀ ਹੈ। ਉਨ੍ਹਾਂ ਨੇ ਜੁਲਾਈ 2026 ਵਿੱਚ ਦਸੰਬਰ ਮਹੀਨੇ ਬੰਗਲਾਦੇਸ਼ ਪਰਤਣ ਅਤੇ ਉੱਥੋਂ ਦੀ ਅਦਾਲਤ ਵਿੱਚ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ਮਹੀਨੇ ਉਨ੍ਹਾਂ ਨੇ ਮੁੜ ਕਿਹਾ ਕਿ ਉਹ ਹਰ ਹਾਲਤ ਵਿੱਚ ਦਸੰਬਰ ਵਿੱਚ ਬੰਗਲਾਦੇਸ਼ ਪਰਤਣਗੇ। ਇਸ ਐਲਾਨ ਤੋਂ ਬਾਅਦ ਦੇਸ਼ ਵਿੱਚ ਸਿਆਸੀ ਤਣਾਅ ਵਧ ਗਿਆ ਹੈ।
ਸਭ ਤੋਂ ਪਹਿਲਾਂ ਸ਼ੇਖ ਹਸੀਨਾ ਦੇ ਜੱਦੀ ਸ਼ਹਿਰ ਤੁੰਗੀਪਾੜਾ ਵਿੱਚ ਤਣਾਅ ਵਧਿਆ। ਮੰਗਲਵਾਰ ਨੂੰ ਅਵਾਮੀ ਲੀਗ ਦਾ ਸਮਰਥਕ ਹੋਣ ਦੇ ਸ਼ੱਕ ਵਿੱਚ ਕਈ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਸੈਂਕੜੇ ਲੋਕਾਂ ਨੇ ਸਥਾਨਕ ਪੁਲਿਸ ਥਾਣੇ ਦਾ ਘਿਰਾਓ ਕਰ ਲਿਆ। ਗ੍ਰਹਿ ਮੰਤਰੀ ਸਲਾਹੁਦੀਨ ਅਹਿਮਦ ਨੇ ਕਿਹਾ ਹੈ ਕਿ ਹਿੰਸਾ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਡੀਓ ਅਤੇ ਵੀਡੀਓ ਸਬੂਤਾਂ ਦੀ ਵਰਤੋਂ ਕੀਤੀ ਜਾਵੇਗੀ।


Click it and Unblock the Notifications
