ਚੰਨੀ ਦੀ ਸਾਈਕਲ ਯਾਤਰਾ ਦੇ ਸਮਾਪਤੀ ਸਮਾਗਮ ਵਿੱਚ ਪਹੁੰਚੇ ਰਾਜਾ ਵੜਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਕਾਂਗਰਸ ਹਾਈਕਮਾਨ ਦੇ ਨਿਰਦੇਸ਼ਾਂ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦੇ ਸਮਾਪਤੀ ਸਮਾਗਮ ਵਿੱਚ ਪਹੁੰਚੇ।
ਖੰਨਾ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਰਾਜਾ ਵੜਿੰਗ ਸਟੇਜ 'ਤੇ ਬੈਠੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪ੍ਰਧਾਨ ਪਰਗਟ ਸਿੰਘ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਜਦੋਂ ਚੰਨੀ ਆਪਣੀ ਸਾਈਕਲ ਯਾਤਰਾ ਤਹਿਤ ਲੁਧਿਆਣਾ ਪਹੁੰਚੇ ਸਨ ਤਾਂ ਵੜਿੰਗ ਨੇ ਇਸ ਯਾਤਰਾ ਤੋਂ ਦੂਰੀ ਬਣਾਈ ਰੱਖੀ ਸੀ। ਜਿਸਨੂੰ ਲੈ ਕੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਕਾਂਗਰਸ ਦੀ ਅੰਦਰੂਨੀ ਫੁੱਟ ਵਾਰੇ ਬੋਲਣ ਦਾ ਮੌਕਾ ਮਿਲਿਆ ਸੀ।
ਅੱਜ ਰਾਜਾ ਵੜਿੰਗ ਚੰਨੀ ਦੀ ਸਾਈਕਲ ਯਾਤਰਾ ਦੀ ਸਮਾਪਤੀ ਮੌਕੇ ਪਹੁੰਚੇ ਜ਼ਰੂਰ ਕਿਉਂਕਿ ਉਪਰੋਂ ਆਰਡਰ ਸੀ ਅਤੇ ਪੰਜਾਬ ਕਾਂਗਰਸ ਵਿਰੋਧੀਆਂ ਸਾਹਮਣੇ ਇਹ ਮੈਸੇਜ ਦੇਣਾ ਚਾਹੁੰਦੀ ਸੀ ਕਿ ਪੰਜਾਬ ਕਾਂਗਰਸ ਅੰਦਰ ਕੋਈ ਫੁੱਟ ਨਹੀਂ ਹੈ , ਪੰਜਾਬ ਕਾਂਗਰਸ ਇੱਕ ਹੈ। ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ 21 ਨਵੰਬਰ ਤੋਂ ਲੁਧਿਆਣਾ ਦੇ ਸੈਂਟਰਲ ਹਲਕੇ ਤੋਂ ਇਨਸਾਫ਼ ਮਾਰਚ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮਾਰਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਲੰਘੇਗਾ ਅਤੇ ਚੋਣਾਂ ਤੱਕ ਜਾਰੀ ਰਹੇਗਾ।
ਟਿਕਟਾਂ ਲਈ ਹਾਈਕਮਾਨ ਨੂੰ ਕਰਾਂਗਾ ਪੈਰਵੀ- ਵੜਿੰਗ
ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਦੀਆਂ ਟਿਕਟਾਂ ਲਈ ਹਾਈਕਮਾਨ ਸਾਹਮਣੇ ਮਜ਼ਬੂਤੀ ਨਾਲ ਪੈਰਵੀ ਕਰਨਗੇ। ਉਨ੍ਹਾਂ ਕਿਹਾ ਕਿ ਟਿਕਟ ਦੇਣ ਜਾਂ ਨਾ ਦੇਣ ਦਾ ਫੈਸਲਾ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਅਤੇ ਸਚਿਨ ਪਾਇਲਟ ਦੇ ਹੱਥ ਵਿੱਚ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਪਰਗਟ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ ਤਾਂ ਕਈ ਲੋਕਾਂ ਨੇ ਕਿਹਾ ਸੀ ਕਿ ਰਾਜਾ ਵੜਿੰਗ ਉਨ੍ਹਾਂ ਨੂੰ ਮਿਲਣ ਨਹੀਂ ਜਾਣਗੇ, ਪਰ ਉਹ ਸਭ ਤੋਂ ਵੱਡਾ ਗੁਲਦਸਤਾ ਲੈ ਕੇ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਜਦੋਂ ਉਹ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਤਾਂ ਪੂਰੇ ਪੰਜਾਬ ਵਿੱਚ ਘੁੰਮਦੇ ਸਨ, ਪਰ ਹੁਣ ਉਹ ਸਿਰਫ਼ ਇੱਕ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦਾ ਇੱਕ ਨਿਸ਼ਚਿਤ ਦਾਇਰਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇ ਅਤੇ ਸਾਰੇ ਆਗੂ ਮੰਤਰੀ ਵਜੋਂ ਸਹੁੰ ਚੁੱਕਣ, ਜਦਕਿ ਉਹ ਹੇਠਾਂ ਬੈਠ ਕੇ ਤਾੜੀਆਂ ਵਜਾਉਣ।

ਟਿਕਟਾਂ ਦੀ ਵੰਡ ਵਿੱਚ ਰਾਹੁਲ ਗਾਂਧੀ ਮੇਰੀ ਗੱਲ ਸੁਣਨਗੇ: ਰਾਜਾ ਵੜਿੰਗ
ਰਾਜਾ ਵੜਿੰਗ ਨੇ ਕਿਹਾ ਕਿ ਟਿਕਟਾਂ ਨੂੰ ਅੰਤਿਮ ਰੂਪ ਹਾਈਕਮਾਨ ਵੱਲੋਂ ਦਿੱਤਾ ਜਾਵੇਗਾ। ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਸੀਨੀਅਰ ਆਗੂ ਵੀ ਉਮੀਦਵਾਰਾਂ ਦੀ ਸੂਚੀ ਹਾਈਕਮਾਨ ਕੋਲ ਰੱਖਣਗੇ। ਉਨ੍ਹਾਂ ਕਿਹਾ ਕਿ ਜਦੋਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਦੀਆਂ ਕੁਝ ਬੰਦਿਸ਼ਾਂ ਸਨ, ਪਰ ਹੁਣ ਪ੍ਰਧਾਨ ਨਾ ਹੋਣ ਕਾਰਨ ਉਹ ਆਪਣੇ ਸਾਥੀਆਂ ਲਈ ਟਿਕਟਾਂ ਦੀ ਪੂਰੀ ਜ਼ੋਰ ਨਾਲ ਪੈਰਵੀ ਕਰਨਗੇ। ਉਨ੍ਹਾਂ ਭਰੋਸਾ ਜਤਾਇਆ ਕਿ ਟਿਕਟਾਂ ਦੀ ਵੰਡ ਸਮੇਂ ਰਾਹੁਲ ਗਾਂਧੀ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਗੇ।


Click it and Unblock the Notifications
