ਵੱਡੀ ਖ਼ਬਰ: ਅਰਵਿੰਦ ਕੇਜਰੀਵਾਲ ਨੂੰ ਲਾਰੈਂਸ ਗੈਂਗ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ! 7 ਕਰੋੜ ਦੀ ਫਿਰੌਤੀ ਵੀ ਮੰਗੀ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਹਰਸ਼ਿਤਾ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਸੱਤ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਦੱਸਣ ਵਾਲੇ ਇੱਕ ਵਿਅਕਤੀ ਨੇ ਦਿੱਲੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਫੋਨ ਕਰਕੇ ਧਮਕੀ ਦਿੱਤੀ। ਮੁਲਜ਼ਮ ਨੇ ਵ੍ਹਟਸਐਪ 'ਤੇ ਸੁਨੇਹਾ ਭੇਜ ਕੇ ਵੀ ਸੱਤ ਕਰੋੜ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ 'ਤੇ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਗਈ। ਵਿਧਾਇਕ ਦੀ ਸ਼ਿਕਾਇਤ 'ਤੇ ਮੁਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਵਿੱਚ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਵਿਧਾਇਕ ਜਰਨੈਲ ਸਿੰਘ ਨੇ 6 ਨਵੰਬਰ ਨੂੰ ਮੁਹਾਲੀ ਦੇ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ 'ਤੇ ਮੁਲਜ਼ਮ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਉਸੇ ਨੰਬਰ ਤੋਂ ਵ੍ਹਟਸਐਪ 'ਤੇ ਧਮਕੀ ਭਰਿਆ ਸੁਨੇਹਾ ਵੀ ਭੇਜਿਆ ਗਿਆ। ਮੁਲਜ਼ਮ ਦੇ ਵ੍ਹਟਸਐਪ ਪ੍ਰੋਫਾਈਲ 'ਤੇ 'ਐੱਚ' ਨਾਂ ਦਿਖਾਈ ਦੇ ਰਿਹਾ ਸੀ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਿਆਂ ਕਿਹਾ ਕਿ ਕੇਜਰੀਵਾਲ ਨੂੰ ਸੱਤ ਕਰੋੜ ਰੁਪਏ ਦੇਣ ਲਈ ਕਹਿ ਦਿਓ, ਨਹੀਂ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਧੀ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਮੁਲਜ਼ਮ ਨੇ ਫੋਨ ਦੇ ਨਾਲ ਲਿਖਤੀ ਸੁਨੇਹੇ ਵਿੱਚ ਵੀ ਫਿਰੌਤੀ ਦੀ ਮੰਗ ਦੁਹਰਾਈ। ਵਿਧਾਇਕ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਜ਼ਰੀਆ ਬਣਾ ਕੇ ਕੇਜਰੀਵਾਲ ਤੱਕ ਫਿਰੌਤੀ ਦੀ ਮੰਗ ਅਤੇ ਹੱਤਿਆ ਦੀ ਧਮਕੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਮੁਲਜ਼ਮ ਅਤੇ ਉਸ ਦੇ ਸਾਥੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਲੋਕੇਸ਼ਨ ਅਤੇ ਫੋਨ ਵੇਰਵਿਆਂ ਦੀ ਜਾਂਚ ਦੀ ਮੰਗ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਅਪਰਾਧਿਕ ਧਮਕੀ, ਫਿਰੌਤੀ ਅਤੇ ਆਈਟੀ ਐਕਟ ਤਹਿਤ ਅਪਰਾਧ ਦਾ ਪਾਇਆ ਗਿਆ। ਇਸ ਤੋਂ ਬਾਅਦ ਬੀਐੱਨਐੱਸ ਦੀਆਂ ਧਾਰਾਵਾਂ 308(4), 351(2), 351(3), 351(4), 111(2) ਅਤੇ ਆਈਟੀ ਐਕਟ ਦੀ ਧਾਰਾ 66ਡੀ ਤਹਿਤ ਕੇਸ ਦਰਜ ਕੀਤਾ ਗਿਆ। ਜਾਂਚ ਸਾਈਬਰ ਕ੍ਰਾਈਮ ਥਾਣੇ ਦੇ ਇੰਸਪੈਕਟਰ ਸੁਨੀਲ ਕੁਮਾਰ ਨੂੰ ਸੌਂਪੀ ਗਈ ਹੈ।
ਵਿਧਾਇਕ ਨੇ ਮੁਲਜ਼ਮ ਦੇ ਮੋਬਾਈਲ ਨੰਬਰ ਦਾ ਕਾਲ ਡਿਟੇਲ ਰਿਕਾਰਡ (ਸੀਡੀਆਰ), ਆਈਪੀ ਲੌਗ ਅਤੇ ਲੋਕੇਸ਼ਨ ਟਰੇਸ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੁਲਜ਼ਮ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਕੇ ਗ੍ਰਿਫ਼ਤਾਰੀ ਕਰਨ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਕੇ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਹੈ। ਸ਼ਿਕਾਇਤ ਦੇ ਨਾਲ ਧਮਕੀ ਭਰੇ ਵ੍ਹਟਸਐਪ ਸੁਨੇਹੇ ਦਾ ਸਕ੍ਰੀਨਸ਼ਾਟ ਵੀ ਪੁਲਿਸ ਨੂੰ ਸੌਂਪਿਆ ਗਿਆ ਹੈ।


Click it and Unblock the Notifications
