ਹੈੱਡ ਕਾਂਸਟੇਬਲ ਵਿਨੋਦ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ਹੀਦ ਦਾ ਦਰਜ਼ਾ, ਟ੍ਰੈਨਿੰਗ ਸੈਂਟਰ ਤੋਂ ਪਰਤਦਿਆਂ ਮਾਰੀਆਂ ਦੀ ਗੋਲੀਆਂ
ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੀ ਟਰੇਨਿੰਗ ਸੈਂਟਰ ਜਹਾਨਖੇਲਾ ਤੋਂ ਪਰਤਦਿਆਂ ਸ਼ੱਕੀ ਹਾਲਾਤ ਵਿੱਚ ਗੋਲੀ ਮਾਰ ਕੇ ਹੱਤਿਆ ਮਗਰੋਂ ਘਟਨਾ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਵੱਲੋਂ ਲਈ ਗਈ ਹੈ। ਹਾਲਾਂਕਿ ਇਸ ਪੋਸਟ ਦੀ ਕਿਸੇ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਕਾਂਸਟੇਬਲ ਵਿਨੋਦ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੈ । ਵਿਨੋਦ ਕੁਮਾਰ ਦਾ ਅੱਜ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਉਸ ਦੇ ਜੱਦੀ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਏਡੀਜੀਪੀ ਲਾਅ ਐਂਡ ਆਰਡਰ ਪਰਵੀਨ ਕੁਮਾਰ ਸਿਨਹਾ ਨੇ ਖੁਲਾਸਾ ਕੀਤਾ ਕਿ ਵਿਨੋਦ ਕੁਮਾਰ ਦੀ ਹੱਤਿਆ ਕਨਪਟੀ ਵਿੱਚ ਗੋਲੀ ਮਾਰ ਕੇ ਹੀ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਮੁਤਾਬਕ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਆਖਰੀ ਵਾਰ ਕਾਂਸਟੇਬਲ ਵਿਨੋਦ ਕੁਮਾਰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਦੇਖਿਆ ਗਿਆ ਸੀ। ਇਨ੍ਹਾਂ ਮੋਟਰਸਾਈਕਲ ਸਵਾਰਾਂ ਵੱਲੋਂ ਜ਼ਬਰਦਸਤੀ ਵਿਨੋਦ ਕੁਮਾਰ ਨੂੰ ਮੋਟਰਸਾਈਕਲ 'ਤੇ ਬਿਠਾਇਆ ਗਿਆ ਸੀ ਜਾਂ ਫਿਰ ਉਹ ਆਪਣੀ ਮਰਜ਼ੀ ਨਾਲ ਲਿਫਟ ਲੈ ਕੇ ਉਹਨਾਂ ਨਾਲ ਜਾ ਰਿਹਾ ਸੀ ਪਰ ਇਹ ਜਾਂਚ ਦਾ ਵਿਸ਼ਾ ਹੈ।
ਮੋਟਰਸਾਈਕਲ ਸਵਾਰਾਂ ਨੇ ਕੀਤਾ ਕਾਂਸਟੇਬਲ ਦਾ ਕਤਲ!
ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹਨਾਂ ਮੋਟਰਸਾਈਕਲ ਸਵਾਰਾਂ ਵੱਲੋਂ ਹੀ ਕਾਂਸਟੇਬਲ ਵਿਨੋਦ ਕੁਮਾਰ ਦਾ ਕਤਲ ਕੀਤਾ ਗਿਆ ਹੈ ਜਾਂ ਇਸ ਪਿੱਛੇ ਕੋਈ ਹੋਰ ਹੈ ? ਪਾਕਿਸਤਾਨ ਦੇ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਵੱਲੋਂ ਲਈ ਗਈ ਜ਼ਿੰਮੇਵਾਰੀ ਬਾਰੇ ਏਡੀਜੀਪੀ ਪਰਵੀਨ ਕੁਮਾਰ ਸਿਨਹਾ ਦਾ ਕਹਿਣਾ ਹੈ ਕਿ ਟੈਰਰ ਐਂਗਲ ਯਾਨੀ ਅਤਿਵਾਦੀ ਘਟਨਾ ਦੇ ਤੌਰ 'ਤੇ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਹਰ ਪੱਖ ਨੂੰ ਖੰਘਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਰਹੱਦ ਪਾਰ ਬੈਠੀਆਂ ਕੁਝ ਤਾਕਤਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਵੀ ਵਿਦੇਸ਼ੀ ਤਾਕਤਾਂ ਦੀ ਸ਼ਮੂਲੀਅਤ ਅਤੇ ਉਨ੍ਹਾਂ ਵੱਲੋਂ ਘਟਨਾ ਨੂੰ ਭੜਕਾਉਣ ਦੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇੰਝ ਹੋਇਆ ਕਾਂਸਟੇਬਲ ਦਾ ਕਤਲ
ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਟਰੇਨਿੰਗ ਲੈ ਰਹੇ ਹੈੱਡ ਕਾਂਸਟੇਬਲ ਦੀ ਘਰ ਵਾਪਸ ਆਉਂਦਿਆਂ ਅੱਜ ਸ਼ੱਕੀ ਹਾਲਾਤ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਵਿਨੋਦ ਕੁਮਾਰ (40) ਨਾਮਕ ਹੈੱਡ ਕਾਂਸਟੇਬਲ ਤਰੱਕੀ ਮਗਰੋਂ ਪੁਲੀਸ ਟਰੇਨਿੰਗ ਸੈਂਟਰ, ਜਹਾਨਖੇਲਾਂ ਵਿਖੇ ਟਰੇਨਿੰਗ ਕਰ ਰਿਹਾ ਸੀ ਅਤੇ ਸੁਜਾਨਪੁਰ ਵਿਖੇ ਤਾਇਨਾਤ ਸੀ। ਸੰਗਰੂਰ ਵਿੱਚ ਡਿਊਟੀ ਕਰਨ ਤੋਂ ਬਾਅਦ ਉਹ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਕ੍ਰਿਸ਼ਨਾ ਨਗਰ ਆਪਣੇ ਘਰ ਵਾਪਸ ਆ ਰਿਹਾ ਸੀ। ਰਾਤ 9:15 ਵਜੇ ਦੇ ਕਰੀਬ ਉਸ ਨੇ ਆਪਣੇ ਭਰਾ ਨੂੰ ਫ਼ੋਨ ਕੀਤਾ ਕਿ ਉਹ ਪੁਰਾਣਾ ਸ਼ਾਲਾ ਨਜ਼ਦੀਕ ਪਹੁੰਚ ਗਿਆ ਹੈ ਅਤੇ 15 ਮਿੰਟ ਬਾਅਦ ਉਸ ਨੂੰ ਬਾਈਪਾਸ 'ਤੇ ਆ ਕੇ ਲੈ ਜਾਵੇ।
ਜਦੋਂ ਉਸ ਦਾ ਭਰਾ ਬੱਸ ਸਟੈਂਡ ਪਹੁੰਚਿਆ ਤਾਂ ਵਿਨੋਦ ਦਾ ਕੋਈ ਅਤਾ-ਪਤਾ ਨਾ ਲੱਗਾ ਅਤੇ ਉਹ ਫ਼ੋਨ ਵੀ ਅਟੈਂਡ ਨਹੀਂ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਹੀ ਉਸ ਦੀ ਲਾਸ਼ ਬੱਸ ਸਟੈਂਡ ਤੋਂ ਡੇਢ ਕੁ ਕਿਲੋਮੀਟਰ ਦੂਰ ਬਾਈਪਾਸ 'ਤੇ ਮਿਲੀ। ਪਰਿਵਾਰ ਅਨੁਸਾਰ ਉਸ ਦੀ ਕਨਪਟੀ ਦੇ ਜ਼ਖ਼ਮ ਗੋਲੀ ਲੱਗਣ ਦੇ ਹਨ, ਪਰ ਇਸ ਦੀ ਪੁਸ਼ਟੀ ਪੋਸਟਮਾਰਟਮ ਤੋਂ ਬਾਅਦ ਹੋਵੇਗੀ।


Click it and Unblock the Notifications
