ਕੈਨੇਡਾ ਦੇ ਗੁਰਦੁਆਰਾ ਸਾਹਿਬ ’ਚ ਬੂਟਾਂ ਸਣੇ ਵੜੀ ਪੁਲਿਸ! ਭਖਿਆ ਵਿਵਾਦ, ਸਿੱਖ ਲੜਕੀ ਨੇ ਕਮੇਟੀ ’ਤੇ ਲਾਏ ਗੰਭੀਰ ਦੋਸ਼
ਕੈਨੇਡਾ ਦੇ ਕਿਚਨਰ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਸੱਦੇ ਜਾਣ ਨੂੰ ਲੈ ਕੇ ਅਤੇ ਪੁਲਿਸ ਵੱਲੋਂ ਬੂਟਾਂ ਸਣੇ ਅੰਦਰ ਦਾਖ਼ਲ ਹੋਣ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ।
ਕਿਚਨਰ ਦੇ ਗੁਰਦੁਆਰਾ ਸਾਹਿਬ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਬੂਟਾਂ ਸਮੇਤ ਅੰਦਰ ਦਾਖ਼ਲ ਹੋਣ ਦੀ ਵੀਡੀਓ ਵਿੱਚ ਪੁਲੀਸ ਵਰਦੀ ਵਿੱਚ ਕੁਝ ਅਫ਼ਸਰ ਬੂਟਾਂ ਸਮੇਤ ਫਿਰਦੇ ਵਿਖਾਈ ਦੇ ਰਹੇ ਹਨ, ਪਰ ਇਹ ਸਪੱਸ਼ਟ ਨਹੀਂ ਕਿ ਉਹ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਵਾਲਾ ਹਾਲ ਹੈ ਜਾਂ ਇਜਲਾਸ ਕਰਨ ਵਾਲੀ ਵੱਖਰੀ ਥਾਂ।

ਪ੍ਰਬੰਧਕ ਕਮੇਟੀ ਦੇ ਰਵੱਈਏ ਨੂੰ ਲੈ ਕੇ ਇੱਕ ਸਿੱਖ ਲੜਕੀ ਨੇ ਗੰਭੀਰ ਦੋਸ਼ ਲਗਾਏ ਹਨ। ਲੜਕੀ ਦਾ ਕਹਿਣਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਸਿਰਫ਼ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਦਿਆਂ ਪੁਲਿਸ ਨੂੰ ਅੰਦਰ ਬੁਲਾਇਆ, ਸਗੋਂ ਨੌਜਵਾਨਾਂ ਦੀ ਆਵਾਜ਼ ਦਬਾਉਣ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ।
ਇਸ ਗੱਲ ਨੂੰ ਲੈ ਕੇ ਹੈ ਕਮੇਟੀ ਮੈਂਬਰਾਂ ਨਾਲ ਵਿਵਾਦ!
ਉੱਥੇ ਦੀ ਸੰਗਤ ਦਾ ਕਿਹਨਾਂ ਹੈ ਕਿ ਇਸ ਪੂਰੇ ਵਿਵਾਦ ਦੀ ਮੁੱਖ ਵਜ੍ਹਾ ਇਹ ਹੈ ਕਿ ਕਮੇਟੀ ਦੇ ਕੁਝ ਲੋਕ ਨੌਜਵਾਨਾਂ ਦੇ ਵਿਰੁੱਧ ਹਨ। ਉਹ ਚਾਹੁੰਦੇ ਹਨ ਕਿ ਗੁਰਦੁਆਰਾ ਸਾਹਿਬ ਵਿੱਚ ਨੌਜਵਾਨਾਂ ਦੇ ਦਾਖ਼ਲੇ 'ਤੇ ਰੋਕ ਲਗਾਈ ਜਾਵੇ ਅਤੇ ਗੁਰਦੁਆਰੇ ਦੇ ਕੰਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਸੀਮਤ ਕੀਤੀ ਜਾਵੇ। ਇੱਕ ਸਿੱਖ ਲੜਕੀ ਨੇ ਪ੍ਰਬੰਧਕ ਕਮੇਟੀ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਨੌਜਵਾਨਾਂ ਨੂੰ ਡਰਾਉਣ ਅਤੇ ਧਮਕਾਉਣ ਦੇ ਇਲਜ਼ਾਮ ਲਗਾਏ ਹਨ।
ਇਹ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਪ੍ਰਬੰਧਕਾਂ ਨੇ ਕੁਝ ਨਿਯਮ ਪਾਸ ਕਰਨ ਲਈ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦੀ ਸੀ। ਅਜੇ ਏਜੰਡਾ ਦੱਸਣਾ ਸ਼ੁਰੂ ਹੀ ਕੀਤਾ ਗਿਆ ਸੀ, ਜਦੋਂ ਹਾਜ਼ਰ ਲੋਕਾਂ 'ਚੋਂ ਕੁਝ ਨੇ ਨਿਯਮ ਪਾਸ ਕਰਨ ਦਾ ਵਿਰੋਧ ਕੀਤਾ ਤੇ ਗੱਲ ਤਲਖ਼ੀ ਤੱਕ ਪਹੁੰਚ ਗਈ। ਵੀਡੀਓ ਵਿੱਚ ਸਾਫ਼ ਦਿੱਸ ਰਿਹਾ ਹੈ ਕਿ ਸਿਰ 'ਤੇ ਰੁਮਾਲ ਵਾਲਾ ਵਿਅਕਤੀ ਲੋਕਾਂ ਨੂੰ ਵੀਡੀਓ ਬਣਾਉਣ ਤੋਂ ਰੋਕਦੇ ਹੋਏ ਤਲਖ਼ੀ ਨਾਲ ਪੇਸ਼ ਆ ਰਿਹਾ ਹੈ। ਤਲਖ਼ੀ ਵਧਣ 'ਤੇ ਪ੍ਰਬੰਧਕਾਂ ਵੱਲੋਂ ਪੁਲੀਸ ਨੂੰ ਸੱਦ ਲਿਆ ਗਿਆ। ਇਸੇ ਦੌਰਾਨ ਪੁਲਿਸ ਮੁਲਾਜ਼ਮ ਬੂਟਾਂ ਸਣੇ ਗੁਰਦਵਾਰਾ ਸਾਹਿਬ ਅੰਦਰ ਦਾਖ਼ਲ ਹੋਏ ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਪ੍ਰਬੰਧਕ ਕਮੇਟੀ ਮੈਂਬਰਾਂ ਵਿੱਚ ਕਾਫ਼ੀ ਸਮੇਂ ਤੋਂ ਮਤਭੇਦ ਹਨ। ਪਤਾ ਲੱਗਾ ਹੈ ਕਿ ਕਮੇਟੀ 'ਤੇ ਕਾਬਜ਼ ਲੋਕ ਨੌਜਵਾਨਾਂ ਦੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦੇ, ਇਸੇ ਲਈ ਉਨ੍ਹਾਂ ਮੈਂਬਰਾਂ ਦੀ ਮੀਟਿੰਗ ਸੱਦ ਕੇ ਕੁਝ ਨਵੇਂ ਨਿਯਮ ਬਣਾਉਣ ਦਾ ਮਤਾ ਪਾਸ ਕਰਨਾ ਸੀ, ਜਿਸ ਦਾ ਨੌਜਵਾਨਾਂ ਵੱਲੋਂ ਸਖ਼ਤ ਵਿਰੋਧ ਕੀਤੇ ਜਾਣ ਕਰਕੇ ਹਾਲਾਤ ਵਿਗੜੇ।


Click it and Unblock the Notifications
