ਪੰਜਾਬ ਵਿਧਾਨਸਭਾ ਚੋਣਾਂ ਲਈ AAP ਦੀ ਦੂਜੀ ਲਿਸਟ ਜਾਰੀ, 31 ਉਮੀਦਵਾਰਾਂ ਦਾ ਐਲਾਨ; ਕਈ ਮੌਜੂਦਾ ਵਿਧਾਇਕਾਂ ਦੀ ਕੱਟੀ ਟਿਕਟ
ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 31 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਦੋ ਸੰਸਦ ਮੈਂਬਰਾਂ ਅਤੇ ਚਾਰ ਮਹਿਲਾ ਉਮੀਦਵਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਫਗਵਾੜਾ ਤੋਂ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਚੋਣ ਲੜਨਗੇ। ਇਸ ਸੂਚੀ ਵਿੱਚ ਲੰਬੀ ਹਲਕੇ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਥਾਂ ਉਨ੍ਹਾਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ।ਦੂਜੀ ਸੂਚੀ ਵਿੱਚ ਚਾਰ ਮਹਿਲਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਗਿਆ ਹੈ।

ਇਨ੍ਹਾਂ 4 ਮਹਿਲਾ ਉਮੀਦਵਾਰਾਂ ਨੂੰ ਮਿਲੀ ਟਿਕਟ
ਜਗਰਾਉਂ ਤੋਂ ਸਰਵਜੀਤ ਕੌਰ ਮਾਣੂੰਕੇ, ਸ਼ੁਤਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ, ਰਾਜਾਸਾਂਸੀ ਤੋਂ ਸੋਨੀਆ ਮਾਨ ਅਤੇ ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਚੋਣ ਮੈਦਾਨ ਵਿੱਚ ਨਿੱਤਰਨਗੀਆਂ। ਦੂਜੇ ਪਾਸੇ ਆਮ ਆਦਮੀ ਪਾਰਟੀ (AAP) ਨੇ ਖਰੜ ਤੋਂ ਮੌਜੂਦਾ ਵਿਧਾਇਕ ਅਤੇ ਪੰਜਾਬੀ ਅਦਾਕਾਰਾ ਅਨਮੋਲ ਗਗਨ ਮਾਨ ਦੀ ਟਿਕਟ ਵੀ ਕੱਟੀ ਹੈ।
ਹੁਣ ਤੱਕ 71 ਉਮੀਦਵਾਰਾਂ ਦੇ ਨਾਂਅ ਐਲਾਨੇ ਗਏ
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ 71 ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ 31 ਅਕਤੂਬਰ ਨੂੰ ਜਾਰੀ ਕੀਤੀ ਗਈ ਸੀ। ਟਿਕਟ ਨਾ ਮਿਲਣ ਵਾਲੇ ਹੋਰ ਵਿਧਾਇਕਾਂ ਵਿੱਚ ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਕੋਟਫੱਤਾ, ਪੱਟੀ ਤੋਂ ਜੇਲ੍ਹ ਵਿੱਚ ਬੰਦ ਵਿਧਾਇਕ ਲਾਲਜੀਤ ਸਿੰਘ ਭੁੱਲਰ, ਜਲੰਧਰ ਸੈਂਟਰਲ ਤੋਂ ਰਮਨ ਅਰੋੜਾ, ਸ਼ੁਤਰਾਣਾ ਤੋਂ ਕੁਲਵੰਤ ਬਾਜ਼ੀਗਰ, ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਡਾ. ਚਰਨਜੀਤ ਸਿੰਘ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ ਪਰ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਹੈ।
ਇਹ ਹਨ ਦੂਜੀ ਲਿਸਟ ਦੇ 31 ਉਮੀਦਵਾਰ -
ਸੁਜਾਨਪੁਰ- ਸਵਰਨ ਸਲਾਰੀਆ, ਪਠਾਨਕੋਟ ਤੋਂ ਰੋਹਿਤ ਸਿਆਲ, ਗੁਰਦਾਸਪੁਰ ਤੋਂ ਰਮਨ ਬਹਿਲ, ਦੀਨਾ ਨਗਰ ਤੋਂ ਸ਼ਮਸ਼ੇਰ ਸਿੰਘ, ਕਾਦੀਆਂ ਤੋਂ ਗੁਰਇਕਬਾਲ ਸਿੰਘ ਮਾਹਲ, ਫ਼ਤਿਹਗੜ੍ਹ ਚੂੜੀਆਂ ਤੋਂ ਹਰਜੋਬਨਜੀਤ ਸਿੰਘ ਰੰਧਾਵਾ, ਰਾਜਾ ਸਾਂਸੀ ਤੋਂ ਸੋਨੀਆ ਮਾਨ, ਮਜੀਠਾ ਤੋਂ ਤਲਬੀਰ ਸਿੰਘ ਗਿੱਲ, ਅੰਮ੍ਰਿਤਸਰ ਨਾਰਥ ਤੋਂ ਕਰਮਜੀਤ ਸਿੰਘ ਰਿੰਟੂ, ਪੱਟੀ ਤੋਂ ਜਸਕੰਵਰ ਸਿੰਘ ਗਿੱਲ, ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ, ਕਪੁਰਥਲਾ ਤੋਂ ਦਵਿੰਦਰ ਪਾਲ ਸਿੰਘ ਰੰਗਾ, ਫ਼ਗਵਾੜਾ ਤੋਂ ਡਾ. ਚੱਬੇਵਾਲ, ਫਿਲੌਰ ਤੋਂ ਹਰਜੋਤ ਕੌਰ ਲੋਹਟੀਆ, ਸ਼ਾਹਕੋਟ ਤੋਂ ਪਾਲਾ ਜਲਾਲਪੁਰ, ਜਲੰਧਰ ਸੇੰਟ੍ਰਲ ਤੋਂ ਨਿਤਿਨ ਕੋਹਲੀ, ਜਲੰਧਰ ਨਾਰਥ ਤੋਂ ਵਨੀਤ ਧੀਰ, ਜਲੰਧਰ ਕੈਂਟ ਤੋਂ ਦੀਪਕ ਬਾਲੀ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਮੁਕੇਰੀਆਂ ਤੋਂ ਸਰਬਜੋਤ ਸਿੰਘ ਸਾਬੀ, ਨਵਾਂਸ਼ਹਿਰ ਤੋਂ ਰੌਬੀ ਕੰਗ, ਚਮਕੌਰ ਸਾਹਿਬ ਤੋਂ ਜਸਵੀਰ ਸਿੰਘ ਗੜ੍ਹੀ, ਖਰੜ ਤੋਂ ਪਰਮਿੰਦਰ ਸਿੰਘ ਗੋਲਡੀ, ਦਾਖਾਂ ਤੋਂ ਡਾ. ਕੇ. ਐਨ. ਐਸ.ਕੰਗ, ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ, ਅਬੋਹਰ ਤੋਂ ਡਾ. ਸੁਹਾਨੀ ਡੋਡਾ, ਬੱਲੂਆਣਾ ਤੋਂ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ, ਲੰਬੀ ਤੋਂ ਰਣਧੀਰ ਸਿੰਘ ਧੀਰਾਂ ਖੁੱਡੀਆਂ, ਬਠਿੰਡਾ (ਪੇੰਡੂ) ਤੋਂ ਗੋਪਾਲ ਸਿੰਘ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ।


Click it and Unblock the Notifications
