ਸੋਨੀਆ ਗਾਂਧੀ ਦੀ ਕਿਤਾਬ ਲਾਂਚਿੰਗ 'ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਮੁੜ ਕਾਂਗਰਸ 'ਚ ਵਾਪਸੀ ਦੀਆਂ ਚਰਚਾਵਾਂ ਤੇਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕੈਪਟਨ ਅਚਾਨਕ ਦਿੱਲੀ ਵਿੱਚ ਸੋਨੀਆ ਗਾਂਧੀ ਦੀ ਕਿਤਾਬ 'Belonging: A Journey of Love' ਦੀ ਅਧਿਕਾਰਤ ਲਾਂਚਿੰਗ ਸਮਾਰੋਹ ਵਿੱਚ ਪਹੁੰਚ ਗਏ।
ਇਸ ਦੌਰਾਨ ਉਨ੍ਹਾਂ ਨੂੰ ਪਹਿਲੀ ਕਤਾਰ ਵਿੱਚ ਬਿਠਾਇਆ ਗਿਆ, ਜਿੱਥੇ ਸੋਨੀਆ ਗਾਂਧੀ ਵੀ ਮੌਜੂਦ ਸਨ। ਕੈਪਟਨ ਦੇ ਇਸ ਸਮਾਗਮ ਵਿੱਚ ਪਹੁੰਚਣ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ। ਇੱਕ ਪਾਸੇ ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ BJP ਸਵਾਲ ਚੁੱਕ ਰਹੀ ਹੈ 'ਤੇ ਦੂਜੇ ਪਾਸੇ ਵਿਰੋਧ ਦੇ ਬਾਵਜੂਦ ਕੈਪਟਨ ਦਿੱਲੀ ਵਿਖੇ ਇਸ ਸਮਾਗਮ 'ਚ ਪਹੁੰਚ ਗਏ।

ਕੈਪਟਨ ਨੇ ਕਿਹਾ- ਉਹ ਕਾਂਗਰਸ 'ਚ ਨਹੀਂ ਜਾ ਰਹੇ
ਸੋਨੀਆ ਗਾਂਧੀ ਦੀ ਕਿਤਾਬ ਦੇ ਲਾਂਚ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪਸ਼ਟ ਕੀਤਾ ਕਿ ਉਹ ਇਸ ਕਰਕੇ ਪਹੁੰਚੇ ਸਨ ਕਿਉਂਕਿ ਸੋਨੀਆ ਗਾਂਧੀ ਵੀ ਉਨ੍ਹਾਂ ਦੀਆਂ 2 ਕਿਤਾਬਾਂ ਦੇ ਲਾਂਚ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਸਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਉਹ ਮੁੜ ਕਾਂਗਰਸ 'ਚ ਜਾ ਰਹੇ ਹਨ।
ਦੱਸ ਦਈਏ ਕਿ ਕੈਪਟਨ ਦੇ ਮੁੜ ਕਾਂਗਰਸ ਵੀ ਜਾਣ ਦੀਆਂ ਚਰਚਾਵਾਂ ਇਸ ਕਰਕੇ ਵੀ ਤੇਜ਼ ਹਨ ਕਿਉਂਕਿ ਕੈਪਟਨ ਇਹ ਕਈ ਵਾਰ ਕਹਿ ਚੁੱਕੇ ਹਨ ਕਿ BJP 'ਚ ਆਕੇ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਉਹ ਕਹਿ ਚੁੱਕੇ ਹਨ ਕਿ BJP ਪੰਜਾਬ ਨੂੰ ਨਹੀਂ ਸਮਝਦੀ ਅਤੇ ਪੰਜਾਬ ਦੇ ਮੁੱਦਿਆਂ ਵਾਰੇ ਉਨ੍ਹਾਂ ਕੋਲੋਂ ਕਦੇ ਵੀ ਕੋਈ ਰਾਏ ਨਹੀਂ ਲਈ ਗਈ। ਦੂਜੇ ਪਾਸੇ ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਵੀ ਕੈਪਟਨ ਦੀ ਕਾਂਗਰਸ ਵਿੱਚ ਵਾਪਸੀ ਬਾਰੇ ਕਿਹਾ ਸੀ ਕਿ ਉਨ੍ਹਾਂ ਦਾ ਸਿਆਸੀ ਕੱਦ ਬਹੁਤ ਵੱਡਾ ਹੈ ਅਤੇ ਰਾਜਨੀਤੀ ਵਿੱਚ ਕੁਝ ਵੀ ਸੰਭਵ ਹੈ।
ਕਾਂਗਰਸ ਨੂੰ ਮਿਸ ਕਰਨ ਦੀ ਗੱਲ ਵੀ ਕਹਿ ਚੁੱਕੇ ਹਨ ਕੈਪਟਨ
ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਅੱਜ ਵੀ ਕਾਂਗਰਸ ਹਾਈਕਮਾਂਡ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਇੱਕ ਪਰਿਵਾਰ ਦੀ ਤਰ੍ਹਾਂ ਹੈ। ਜਦੋਂ ਵੀ ਉਹ ਫ਼ੋਨ ਕਰਦੇ ਸਨ ਤਾਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਮਿਲ ਜਾਂਦਾ ਸੀ, ਪਰ ਭਾਜਪਾ ਵਿੱਚ ਅਜਿਹਾ ਸਿਸਟਮ ਨਹੀਂ ਹੈ।
ਕੈਪਟਨ ਦੇ ਇਨ੍ਹਾਂ ਬਿਆਨਾਂ ਅਤੇ ਹੁਣ ਸੋਨੀਆ ਗਾਂਧੀ ਦੀ ਕਿਤਾਬ ਦੀ ਲਾਂਚਿੰਗ ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਯਾਂ ਇੰਝ ਕਹਿ ਸਕਦੇ ਹਾਂ ਕਿ ਕੈਪਟਨ ਨੇ ਅਗਾਮੀ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਦੇ ਸਮਾਗਮ 'ਚ ਸ਼ਿਰਕਤ ਕਰਕੇ ਖੁਦ ਹੀ ਇਨ੍ਹਾਂ ਚਰਚਾਵਾਂ ਨੂੰ ਹਵਾ ਦਿੱਤੀ ਹੈ!


Click it and Unblock the Notifications
