ਮੌਸਮ ਦਾ ਬਦਲਿਆ ਮਿਜ਼ਾਜ! ਕਈ ਸੂਬਿਆਂ ’ਚ ਠੰਢ ਤੇ ਧੁੰਦ ਦਾ ਅਲਰਟ, ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ
ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹੋ ਰਹੀ ਬਰਫ਼ਬਾਰੀ ਦਾ ਅਸਰ ਹੁਣ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਦਿੱਲੀ ਹਰਿਆਣਾ, ਯੂਪੀ , ਪੰਜਾਬ, ਰਾਜਸਥਾਨ ਸਣੇ ਕਈ ਸੂਬਿਆਂ 'ਚ ਠੰਢ ਵਧਣ ਲੱਗੀ ਹੈ।
ਮੱਧ ਪ੍ਰਦੇਸ਼ ਵਿੱਚ ਵੀਰਵਾਰ ਰਾਤ ਨੂੰ ਸੂਬੇ ਦੇ 20 ਸ਼ਹਿਰਾਂ ਵਿੱਚ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਸ਼ੁੱਕਰਵਾਰ ਸਵੇਰੇ ਲਖਨਊ ਅਤੇ ਕਾਨਪੁਰ ਸਮੇਤ 20 ਸ਼ਹਿਰਾਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਬਾਰਿਸ਼ ਹੋਈ ਹੈ ਜਿਸਦੇ ਨਾਲ ਠੰਢ ਹੋਰ ਵਧੀ ਹੈ। ਪੰਜਾਬ ਵਿੱਚ ਅਗਲੇ 2 ਦਿਨਾਂ ਲਈ ਬਾਰਿਸ਼ ਦੇ ਆਸਾਰ ਦੱਸੇ ਗਏ ਹਨ। ਦਿੱਲੀ ਵਿੱਚ ਵੀ ਠੰਢ ਵਧੀ ਹੈ।

ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰਾਖੰਡ ਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 3,200 ਮੀਟਰ ਜਾਂ ਇਸ ਤੋਂ ਵੱਧ ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਦੇ ਆਸਾਰ ਹਨ। ਸ਼ੁੱਕਰਵਾਰ ਸਵੇਰੇ ਕੇਦਾਰਨਾਥ ਵਿੱਚ ਤਾਪਮਾਨ ਮਨਫ਼ੀ 8 ਡਿਗਰੀ ਸੈਲਸੀਅਸ, ਬਦਰੀਨਾਥ ਵਿੱਚ ਮਨਫ਼ੀ 7 ਡਿਗਰੀ, ਗੰਗੋਤਰੀ ਵਿੱਚ ਮਨਫ਼ੀ 12 ਡਿਗਰੀ ਅਤੇ ਯਮੁਨੋਤਰੀ ਵਿੱਚ ਮਨਫ਼ੀ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵਧਿਆ
ਰਾਜਧਾਨੀ ਦਿੱਲੀ ਵਿੱਚ ਠੰਢ ਦੇ ਨਾਲ ਨਾਲ ਪ੍ਰਦੂਸ਼ਣ ਦਾ ਪੱਧਰ ਵੀ ਵਧ ਰਿਹਾ ਹੈ। ਸ਼ੁੱਕਰਵਾਰ ਸਵੇਰੇ ਦਿੱਲੀ ਦੇ ਆਈਟੀਓ ਇਲਾਕੇ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) 455 ਦਰਜ ਕੀਤਾ ਗਿਆ, ਜਿਸ ਨੂੰ 'ਗੰਭੀਰ' ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਗੁਰੂਗ੍ਰਾਮ ਵਿੱਚ AQI 388, ਗਾਜ਼ੀਆਬਾਦ ਵਿੱਚ 338 ਅਤੇ ਨੋਇਡਾ ਵਿੱਚ 311 ਦਰਜ ਕੀਤਾ ਗਿਆ। ਦੇਸ਼ ਦੇ 18 ਸ਼ਹਿਰਾਂ ਵਿੱਚ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) 301 ਤੋਂ 400 ਦੇ ਵਿਚਕਾਰ ਦਰਜ ਕੀਤਾ ਗਿਆ। ਇਨ੍ਹਾਂ ਵਿੱਚ ਹਰਿਆਣਾ ਦੇ 9, ਉੱਤਰ ਪ੍ਰਦੇਸ਼ ਦੇ 5, ਰਾਜਸਥਾਨ, ਪੰਜਾਬ ਅਤੇ ਤਾਮਿਲਨਾਡੂ ਦਾ ਇੱਕ-ਇੱਕ ਸ਼ਹਿਰ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸ਼ਾਮਲ ਹੈ।
ਗੁਰੂਗ੍ਰਾਮ ਦਾ ਪੰਚਗਾਂਵ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਾ ਰਿਹਾ। ਦੂਜੇ ਪਾਸੇ 50 ਸ਼ਹਿਰਾਂ ਵਿੱਚ AQI 201 ਤੋਂ 300 ਦੇ ਵਿਚਕਾਰ ਦਰਜ ਕੀਤਾ ਗਿਆ, ਜੋ 'ਖ਼ਰਾਬ' ਸ਼੍ਰੇਣੀ ਵਿੱਚ ਆਉਂਦਾ ਹੈ। ਪੰਚਕੂਲਾ ਵਿੱਚ ਸਭ ਤੋਂ ਘੱਟ AQI 79 ਦਰਜ ਕੀਤਾ ਗਿਆ। ਦਿੱਲੀ-NCR ਵਿੱਚ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਲਗਭਗ 1,000 ਮੀਟਰ ਦੀ ਉਚਾਈ ਤੱਕ ਪ੍ਰਦੂਸ਼ਣ ਦੀ ਪਰਤ ਬਣੀ ਹੋਈ ਹੈ। ਹਰਿਆਣਾ ਦੇ 23 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ 'ਬੇਹੱਦ ਖ਼ਰਾਬ' ਜਾਂ 'ਖ਼ਰਾਬ' ਸ਼੍ਰੇਣੀ ਵਿੱਚ ਦਰਜ ਕੀਤੀ ਗਈ।


Click it and Unblock the Notifications
