LPU ਹਿੰਸਾ ਮਾਮਲਾ : ਮਿਲ ਗਈ Reddit ’ਤੇ ਰੇਪ ਦੀ ਪੋਸਟ ਪਾਉਣ ਵਾਲੀ ਕੁੜੀ, ਇਸੀ ਪੋਸਟ ਤੋਂ ਬਾਅਦ ਭੜਕੀ ਸੀ ਹਿੰਸਾ
LPU ਵਿੱਚ 26 ਸਤੰਬਰ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਉਸ Reddit ਪੋਸਟ ਦੇ ਸੋਰਸ ਦਾ ਪਤਾ ਲਗਾ ਲਿਆ ਹੈ, ਜਿਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਨਾਲ ਰੇਪ ਹੋਣ ਦੀ ਸੂਚਨਾ ਫੈਲ ਗਈ ਸੀ।
ਪੁਲਿਸ ਮੁਤਾਬਕ ਇਹ ਪੋਸਟ LPU ਦੀ ਪਹਿਲੇ ਸਾਲ ਦੀ ਇੱਕ ਵਿਦਿਆਰਥਣ ਵੱਲੋਂ ਅਪਲੋਡ ਕੀਤੀ ਗਈ ਸੀ। ਵਿਦਿਆਰਥਣ ਨੇ SIT ਦੇ ਸਾਹਮਣੇ ਬਿਆਨ ਦਿੱਤਾ ਕਿ ਉਸ ਨੇ ਇਹ ਪੋਸਟ ਸੁਣੀ-ਸੁਣਾਈਆਂ ਗੱਲਾਂ ਦੇ ਆਧਾਰ 'ਤੇ ਲਿਖੀ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਮਕਸਦ ਸਿਰਫ਼ ਸੋਸ਼ਲ ਮੀਡੀਆ 'ਤੇ ਆਪਣੀ ਰਾਏ ਸਾਂਝੀ ਕਰਨਾ ਸੀ।

ਹਾਈਕੋਰਟ ਨੇ ਵੀ ਚੁੱਕੇ ਸਵਾਲ
ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਸੁਣਵਾਈ ਹੋਈ। ਹਾਈਕੋਰਟ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪੋਸਟ ਅਚਾਨਕ ਹਿੰਸਾ ਭੜਕਾ ਸਕਦੀ ਹੈ ਜਿਸਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ। ਅਦਾਲਤ ਨੇ ਸਵਾਲ ਕੀਤਾ ਕਿ ਕੀ ਸਿਰਫ਼ ਝੂਠੀ ਜਾਂ ਗਲਤ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ ਜਾਂ ਫਿਰ ਉਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਜਵਾਬਦੇਹੀ ਤੈਅ ਕਰਨ ਲਈ ਵੀ ਕੋਈ ਪ੍ਰਣਾਲੀ ਹੋਣੀ ਚਾਹੀਦੀ ਹੈ, ਜਿੱਥੋਂ ਅਜਿਹੀ ਜਾਣਕਾਰੀ ਫੈਲੀ?
ਹਾਈਕੋਰਟ ਨੇ ਕਿਹਾ ਕਿ ਜਾਂਚ ਸਿਰਫ਼ ਪੋਸਟ ਅਪਲੋਡ ਕਰਨ ਵਾਲੇ ਵਿਅਕਤੀ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਫਰਜ਼ੀ ਜਾਣਕਾਰੀ ਦੇ ਪਿੱਛੇ ਕੌਣ ਸੀ ਅਤੇ ਇਸ ਨੂੰ ਕਿਸ ਤਰ੍ਹਾਂ ਫੈਲਾਇਆ ਗਿਆ। ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
LPU ਹਿੰਸਾ ਮਾਮਲੇ 'ਚ 3 ਹੋਰ ਵਿਦਿਆਰਥੀ ਗ੍ਰਿਫ਼ਤਾਰ
ਇਸੇ ਮਾਮਲੇ ਵਿੱਚ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਸਥਿਤ LPU ਵਿੱਚ ਹੋਈ ਹਿੰਸਾ ਨੂੰ ਲੈ ਕੇ ਫਗਵਾੜਾ ਪੁਲਿਸ ਨੇ ਤਿੰਨ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰਨ ਤੋਂ ਬਾਅਦ ਫਗਵਾੜਾ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਪੁਲਿਸ ਨੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਬਿਸ਼ਿਆ ਵਾਸੀ ਮਹਾਰਾਸ਼ਟਰ, ਕ੍ਰਿਸ਼ਨਾ ਵਾਸੀ ਬਿਹਾਰ ਅਤੇ ਯੋਗੇਸ਼ ਵਾਸੀ ਰਾਜਸਥਾਨ ਵਜੋਂ ਹੋਈ ਹੈ। ਤਿੰਨੇ ਨੌਜਵਾਨ LPU ਦੇ ਵਿਦਿਆਰਥੀ ਦੱਸੇ ਜਾ ਰਹੇ ਹਨ।
ਵਾਹਨਾਂ ਦੀ ਭੰਨਤੋੜ ਅਤੇ ਸੜਕ ਜਾਮ ਕਰਨ ਦੇ ਦੋਸ਼
ਪੁਲਿਸ ਦਾ ਦੋਸ਼ ਹੈ ਕਿ ਹਿੰਸਾ ਦੌਰਾਨ ਇਨ੍ਹਾਂ ਨੌਜਵਾਨਾਂ ਵੱਲੋਂ ਵਾਹਨਾਂ ਦੀ ਭੰਨਤੋੜ ਕਰਨ, ਸੜਕ ਨੂੰ ਰੋਕਣ ਅਤੇ ਹੋਰ ਵਿਦਿਆਰਥੀਆਂ ਨੂੰ ਹਿੰਸਾ ਲਈ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਅੱਗੇ ਜਾਂਚ ਲਈ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਹਿੰਸਾ ਦੌਰਾਨ ਉਨ੍ਹਾਂ ਦੀ ਭੂਮਿਕਾ ਅਤੇ ਹੋਰ ਸੰਭਾਵਿਤ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।


Click it and Unblock the Notifications
