ਟਰੰਪ ਨੇ ਫਿਰ ਲਾਈ ਨੋਬਲ ਪੁਰਸਕਾਰ ਦੇਣ ਦੀ ਰੱਟ, ਕਿਹਾ - ਜੇ ਮੈਂਨੂੰ ਨਾ ਦਿੱਤਾ ਤਾਂ ਕਮੇਟੀ ਦੀ ਹੋਵੇਗੀ ਬਦਨਾਮੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਨੋਬਲ ਸ਼ਾਂਤੀ ਪੁਰਸਕਾਰ ਲਈ ਆਪਣੀ ਦਾਅਵੇਦਾਰੀ ਜਤਾਈ ਹੈ । 2026 ਦੇ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ, 9 ਅਕਤੂਬਰ ਨੂੰ ਹੋਣਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ।
ਟਰੰਪ ਨੇ ਕਿਹਾ ਕਿ ਜੇਕਰ ਨੋਬਲ ਕਮੇਟੀ ਉਨ੍ਹਾਂ ਨੂੰ ਇਹ ਪੁਰਸਕਾਰ ਨਹੀਂ ਦਿੰਦੀ ਤਾਂ ਇਹ ਕਮੇਟੀ ਲਈ ਵੱਡੀ ਬਦਨਾਮੀ ਵਾਲੀ ਗੱਲ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ 8 ਜੰਗਾਂ ਨੂੰ ਖਤਮ ਕਰਵਾਇਆ ਅਤੇ ਦੁਨੀਆ ਨੂੰ ਤਬਾਹੀ ਤੋਂ ਬਚਾਇਆ। ਟਰੰਪ ਨੇ ਕਿਹਾ, "ਮੈਂ ਆਪਣੀ ਤਾਰੀਫ਼ ਨਹੀਂ ਕਰ ਰਿਹਾ, ਸਿਰਫ਼ ਤੱਥ ਦੱਸ ਰਿਹਾ ਹਾਂ। ਮੈਂ 8 ਜੰਗਾਂ ਰੁਕਵਾਈਆਂ ਹਨ, ਸ਼ਾਇਦ ਕਿਸੇ ਵੀ ਰਾਸ਼ਟਰਪਤੀ ਨੇ ਇੰਨੀਆਂ ਜੰਗਾਂ ਹੱਲ ਨਹੀਂ ਕੀਤੀਆਂ।

'ਓਬਾਮਾ' ਨੂੰ ਨੋਬਲ ਮਿਲਣ 'ਤੇ ਵੀ ਚੁੱਕੇ ਸਵਾਲ
2009 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲੇ ਨੋਬਲ ਸ਼ਾਂਤੀ ਪੁਰਸਕਾਰ 'ਤੇ ਵੀ ਟਰੰਪ ਨੇ ਸਵਾਲਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਓਬਾਮਾ ਨੂੰ ਇਹ ਪੁਰਸਕਾਰ ਮਿਲਣ ਦਾ ਕਾਰਨ ਉਨ੍ਹਾਂ ਨੂੰ ਅੱਜ ਤੱਕ ਸਮਝ ਨਹੀਂ ਆਇਆ। ਟਰੰਪ ਨੇ ਕਿਹਾ ਕਿ ਓਬਾਮਾ ਨੂੰ ਰਾਸ਼ਟਰਪਤੀ ਬਣਨ ਤੋਂ ਸਿਰਫ਼ ਕੁਝ ਮਹੀਨਿਆਂ ਬਾਅਦ ਹੀ ਇਹ ਪੁਰਸਕਾਰ ਮਿਲ ਗਿਆ, ਜਦਕਿ ਉਨ੍ਹਾਂ ਮੁਤਾਬਕ ਓਬਾਮਾ ਨੇ ਉਸ ਸਮੇਂ ਕੁਝ ਨਹੀਂ ਕੀਤਾ ਸੀ। ਇਹ ਟਿੱਪਣੀ ਟਰੰਪ ਨੇ 2026 ਦੇ ਪੁਰਸਕਾਰ ਦੇ ਐਲਾਨ ਤੋਂ ਪਹਿਲਾਂ ਕੀਤੀ ਹੈ। ਦੱਸ ਦਈਏ ਕਿ ਨਾਰਵੇ ਦੀ ਨੋਬਲ ਕਮੇਟੀ ਨੇ 2009 ਵਿੱਚ ਓਬਾਮਾ ਨੂੰ ਅੰਤਰਰਾਸ਼ਟਰੀ ਕੂਟਨੀਤੀ ਅਤੇ ਲੋਕਾਂ ਵਿਚਕਾਰ ਸਹਿਯੋਗ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਸੀ।
2018 ਤੋਂ 'ਟਰੰਪ' ਦੀ ਨੋਬਲ ਪੁਰਸਕਾਰ 'ਤੇ ਨਜ਼ਰ
ਡੋਨਾਲਡ ਟਰੰਪ ਵੱਲੋਂ ਨੋਬਲ ਸ਼ਾਂਤੀ ਪੁਰਸਕਾਰ ਦੀ ਇੱਛਾ ਜਤਾਉਣਾ ਕੋਈ ਨਵੀਂ ਗੱਲ ਨਹੀਂ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇਸ ਪੁਰਸਕਾਰ ਦਾ ਜ਼ਿਕਰ ਕਰਦੇ ਰਹੇ ਹਨ। 2018 ਵਿੱਚ ਇੱਕ ਪ੍ਰੋਗਰਾਮ ਦੌਰਾਨ ਟਰੰਪ ਨੇ ਨੋਬਲ ਸ਼ਾਂਤੀ ਪੁਰਸਕਾਰ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਹ ਕੋਰੀਆ ਅਤੇ ਹੋਰ ਖੇਤਰਾਂ ਵਿੱਚ ਸ਼ਾਂਤੀ ਲਈ ਕੋਸ਼ਿਸ਼ਾਂ ਕਰ ਰਹੇ ਸਨ।
ਫਰਵਰੀ 2019 ਵਿੱਚ ਇੱਕ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਸੀ ਕਿ ਜੇਕਰ ਪੁਰਸਕਾਰ ਨਿਰਪੱਖ ਤਰੀਕੇ ਨਾਲ ਦਿੱਤਾ ਜਾਵੇ ਤਾਂ ਉਨ੍ਹਾਂ ਨੂੰ ਕਈ ਕੰਮਾਂ ਲਈ ਨੋਬਲ ਮਿਲ ਸਕਦਾ ਹੈ।
2020 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਵੀ ਟਰੰਪ ਨੇ ਨੋਬਲ ਪੁਰਸਕਾਰ ਦਾ ਮੁੱਦਾ ਚੁੱਕਿਆ ਸੀ ਅਤੇ ਬਰਾਕ ਓਬਾਮਾ ਨਾਲ ਆਪਣੀ ਤੁਲਨਾ ਕਰਦਿਆਂ ਕਿਹਾ ਸੀ ਕਿ ਜੇਕਰ ਓਬਾਮਾ ਨੂੰ ਇਹ ਪੁਰਸਕਾਰ ਮਿਲ ਸਕਦਾ ਹੈ ਤਾਂ ਉਨ੍ਹਾਂ ਨੂੰ ਵੀ ਮਿਲਣਾ ਚਾਹੀਦਾ ਹੈ। ਇਸਤੋਂ ਇਲਾਵਾ ਪਿਛਲੇ ਸਾਲ ਭਾਰਤ-ਪਾਕਿਸਤਾਨ ਵਿਚਾਲੇ ਜ਼ੰਗ ਰੁਕਵਾਉਣ ਅਤੇ ਸ਼ਾਂਤੀ ਕਾਇਮ ਕਰਨ ਦਾ ਦਾਅਵਾ ਵੀ ਉਹ ਖੁਦ ਹੀ ਦੁਨੀਆ ਸਾਹਮਣੇ ਕਰਦੇ ਰਹੇ ਹਨ।


Click it and Unblock the Notifications
