ਪੰਜਾਬ ’ਚ ਬਦਲਿਆ ਮੌਸਮ : ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ, ਟਾਂਡਾ-ਦਸੂਹਾ ’ਚ ਗੜ੍ਹੇਮਾਰੀ
ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਬੁੱਧਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ, ਤੇਜ਼ ਹਵਾਵਾਂ ਅਤੇ ਗਰਜ-ਚਮਕ ਵਾਲਾ ਮੌਸਮ ਦੇਖਣ ਨੂੰ ਮਿਲਿਆ। ਕਈ ਇਲਾਕਿਆਂ ਵਿੱਚ ਤਾਂ ਗੜ੍ਹੇਮਾਰੀ ਵੀ ਹੋਈ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਪਿਛਲੇ ਦਿਨੀਂ ਪੰਜਾਬ ਵਿੱਚ 7 ਅਤੇ 8 ਅਕਤੂਬਰ ਨੂੰ ਮੀਂਹ ਦੀ ਸੰਭਾਵਨਾ ਜਤਾਈ ਸੀ। ਅੱਜ ਸਵੇਰੇ ਟਾਂਡਾ-ਦਸੂਹਾ ਖੇਤਰ ਵਿੱਚ ਵੀ ਮੌਸਮ ਖ਼ਰਾਬ ਰਿਹਾ। ਇੱਥੇ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਅਤੇ ਕਈ ਥਾਵਾਂ 'ਤੇ ਗੜ੍ਹੇਮਾਰੀ ਹੋਣ ਦੀ ਜਾਣਕਾਰੀ ਹੈ। ਇਸ ਕਾਰਨ ਖੇਤਰ ਵਿੱਚ ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ।

ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਦਰੱਖ਼ਤ ਟੁੱਟ ਕੇ ਸੜਕਾਂ 'ਤੇ ਡਿੱਗਣ ਦੀ ਵੀ ਜਾਣਕਾਰੀ ਮਿਲੀ। ਇਸ ਕਾਰਨ ਟਾਂਡਾ-ਹੁਸ਼ਿਆਰਪੁਰ ਅਤੇ ਟਾਂਡਾ-ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਝੋਨੇ ਦਾ ਸੀਜ਼ਨ ਚੱਲ ਰਹਿਣ ਕਾਰਨ ਮੀਂਹ ਅਤੇ ਤੇਜ਼ ਹਵਾਵਾਂ ਨੇ ਮੰਡੀਆਂ ਵਿੱਚ ਪਹੁੰਚੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ। ਕਈ ਥਾਵਾਂ 'ਤੇ ਲੋਕ ਮੀਂਹ ਤੋਂ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਤਰਪਾਲਾਂ ਆਦਿ ਦਾ ਸਹਾਰਾ ਲੈਂਦੇ ਨਜ਼ਰ ਆਏ।
ਮੌਸਮ ਵਿੱਚ ਆਈ ਇਸ ਤਬਦੀਲੀ ਨੇ ਝੋਨੇ ਦੀ ਕਟਾਈ ਅਤੇ ਮੰਡੀਕਰਨ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ। ਕਿਸਾਨਾਂ ਲਈ ਇਸ ਸਮੇਂ ਸਭ ਤੋਂ ਵੱਡੀ ਚਿੰਤਾ ਕੱਟੀ ਹੋਈ ਜਾਂ ਮੰਡੀ ਵਿੱਚ ਪਹੁੰਚੀ ਫ਼ਸਲ ਨੂੰ ਮੀਂਹ ਤੋਂ ਬਚਾਉਣਾ ਹੈ। ਖੇਤੀਬਾੜੀ ਨਾਲ ਜੁੜੇ ਮਾਹਿਰਾਂ ਮੁਤਾਬਕ ਮੀਂਹ ਦੀ ਲੋੜ ਹੋਣ ਦੇ ਬਾਵਜੂਦ ਝੋਨੇ ਦੀ ਕਟਾਈ ਦੇ ਇਸ ਦੌਰ ਵਿੱਚ ਲਗਾਤਾਰ ਜਾਂ ਤੇਜ਼ ਮੀਂਹ ਫ਼ਸਲ ਲਈ ਨੁਕਸਾਨਦਾਇਕ ਹੋ ਸਕਦਾ ਹੈ।
ਪੰਜਾਬ ਵਿੱਚ ਅਗਲੇ ਦਿਨਾਂ ਦੌਰਾਨ ਵੀ ਮੌਸਮ ਰਹੇਗਾ ਬਦਲਿਆ
ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਪੰਜਾਬ ਵਿੱਚ 7 ਤੋਂ 10 ਅਕਤੂਬਰ ਤੱਕ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। 7 ਅਤੇ 8 ਅਕਤੂਬਰ ਨੂੰ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜ਼ਿਆਦਾ ਹੈ, ਜਦਕਿ 9 ਅਤੇ 10 ਅਕਤੂਬਰ ਨੂੰ ਵੀ ਕੁਝ ਇਲਾਕਿਆਂ ਵਿੱਚ ਮੌਸਮ ਖ਼ਰਾਬ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਦਲਦੇ ਮੌਸਮ ਦੌਰਾਨ ਸਾਵਧਾਨ ਰਹਿਣ ਅਤੇ ਗਰਜ-ਚਮਕ ਜਾਂ ਤੇਜ਼ ਹਵਾਵਾਂ ਦੇ ਸਮੇਂ ਖੁੱਲ੍ਹੇ ਸਥਾਨਾਂ 'ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।


Click it and Unblock the Notifications
