ਐਫ਼ਿਲ ਟਾਵਰ ਤੋਂ ਉੱਚੇ ਚਿਨਾਬ ਪੁਲ ’ਤੇ ਦੌੜੀ 'ਵੰਦੇ ਭਾਰਤ', ਰੇਲ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ
ਜੰਮੂ-ਕਸ਼ਮੀਰ ਵਿੱਚ 1,178 ਫੁੱਟ ਦੀ ਉਚਾਈ 'ਤੇ ਬਣੇ ਚਿਨਾਬ ਰੇਲਵੇ ਬ੍ਰਿਜ 'ਤੇ ਵੰਦੇ ਭਾਰਤ ਐਕਸਪ੍ਰੈੱਸ ਨੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਫ਼ਰ ਕੀਤਾ। ਇਸ ਦੀ ਖੂਬਸੂਰਤ ਵੀਡੀਓ ਕੇਂਦਰੀ ਰੇਲ ਮੰਤਰੀ ਅਸ਼ਨਵੀ ਵੈਸ਼ਣਵ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਇਸ ਨੂੰ ਇਤਿਹਾਸਕ ਪਲ ਦੱਸਿਆ। ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਨਾਲ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (USBRL) ਪ੍ਰੋਜੈਕਟ 'ਤੇ ਟ੍ਰੇਨਾਂ ਦਾ ਸੰਚਾਲਨ ਹੋਰ ਸੁਚਾਰੂ ਹੋਵੇਗਾ। ਇਸ ਨਾਲ ਯਾਤਰਾ ਦਾ ਸਮਾਂ ਘਟੇਗਾ ਅਤੇ ਯਾਤਰੀਆਂ ਨੂੰ ਤੇਜ਼, ਸੁਰੱਖਿਅਤ ਅਤੇ ਆਰਾਮਦਾਇਕ ਸਫ਼ਰ ਮਿਲੇਗਾ।

ਐਫ਼ਿਲ ਟਾਵਰ ਤੋਂ ਵੀ ਉੱਚਾ ਹੈ ਚਿਨਾਬ ਬ੍ਰਿਜ
ਚਿਨਾਬ ਰੇਲਵੇ ਬ੍ਰਿਜ ਦੀ ਉਚਾਈ ਦਰਿਆ ਦੇ ਤਲ ਤੋਂ 359 ਮੀਟਰ ਹੈ, ਜਦਕਿ ਇਸ ਦੀ ਲੰਬਾਈ 1,315 ਮੀਟਰ ਹੈ। ਇਹ ਫਰਾਂਸ ਦੇ ਮਸ਼ਹੂਰ ਐਫ਼ਿਲ ਟਾਵਰ ਤੋਂ ਲਗਭਗ 29 ਮੀਟਰ ਉੱਚਾ ਹੈ। ਐਫ਼ਿਲ ਟਾਵਰ ਦੀ ਉਚਾਈ ਲਗਭਗ 330 ਮੀਟਰ ਹੈ। ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਬ੍ਰਿਜ ਚਿਨਾਬ ਬ੍ਰਿਜ ਨੂੰ ਭੂਚਾਲ, ਹੜ੍ਹ, ਭਾਰੀ ਬਰਫ਼ਬਾਰੀ ਅਤੇ ਧਮਾਕਿਆਂ ਵਰਗੀਆਂ ਸਥਿਤੀਆਂ ਤੋਂ ਸੁਰੱਖਿਆ ਲਈ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।
ਇਹ ਇਲਾਕਾ ਭੂਚਾਲ ਦੇ ਜ਼ੋਨ-4 ਵਿੱਚ ਆਉਂਦਾ ਹੈ, ਪਰ ਬ੍ਰਿਜ ਨੂੰ ਭੂਚਾਲ ਦੇ ਜ਼ੋਨ-5 ਦੇ ਮਾਪਦੰਡਾਂ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਰਿਕਟਰ ਸਕੇਲ 'ਤੇ 8 ਤੀਬਰਤਾ ਤੱਕ ਦੇ ਭੂਚਾਲ ਨੂੰ ਝੱਲਣ ਦੇ ਸਮਰੱਥ ਬਣਾਇਆ ਗਿਆ ਹੈ। ਇਸ ਬ੍ਰਿਜ ਨੂੰ ਲਗਭਗ 120 ਸਾਲ ਦੀ ਉਮਰ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਕਟਰਾ-ਬਨਿਹਾਲ ਸੈਕਸ਼ਨ 'ਤੇ ਵਧੀ ਟ੍ਰੇਨ ਦੀ ਰਫ਼ਤਾਰ
ਟ੍ਰਾਇਲ ਸਫਲ ਹੋਣ ਤੋਂ ਬਾਅਦ 111 ਕਿਲੋਮੀਟਰ ਲੰਬੇ ਵੈਸ਼ਣੋ ਦੇਵੀ ਕਟਰਾ-ਬਨਿਹਾਲ ਸੈਕਸ਼ਨ 'ਤੇ ਟ੍ਰੇਨਾਂ ਦੀ ਵੱਧ ਤੋਂ ਵੱਧ ਰਫ਼ਤਾਰ 75 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 100 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ।
ਰੇਲ ਮੰਤਰਾਲੇ ਮੁਤਾਬਕ ਜੰਮੂ-ਸ਼੍ਰੀਨਗਰ ਵਿਚਕਾਰ ਨਿਯਮਤ ਵੰਦੇ ਭਾਰਤ ਸੇਵਾ 2 ਮਈ ਤੋਂ ਸ਼ੁਰੂ ਹੋਈ ਸੀ। ਮੰਤਰਾਲੇ ਨੇ ਅਗਸਤ ਵਿੱਚ ਦੱਸਿਆ ਸੀ ਕਿ ਹੁਣ ਰੇਲ ਨੈੱਟਵਰਕ ਦੇ ਲਗਭਗ 81 ਫ਼ੀਸਦੀ ਹਿੱਸੇ ਨੂੰ 110 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਵੱਧ ਦੀ ਰਫ਼ਤਾਰ ਲਈ ਅਪਗ੍ਰੇਡ ਕੀਤਾ ਜਾ ਚੁੱਕਾ ਹੈ। ਸਾਲ 2014 ਵਿੱਚ ਇਹ ਅੰਕੜਾ ਲਗਭਗ 40 ਫ਼ੀਸਦੀ ਸੀ।


Click it and Unblock the Notifications
