ਮੇਲਾ ਦੇਖਣ ਜਾ ਰਹੇ 3 ਨਾਬਾਲਗ ਮੁੰਡਿਆਂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, ਪਰਿਵਾਰਾਂ 'ਚ ਵਿਛੇ ਸੱਥਰ
ਪੰਜਾਬ ਦੇ ਸਰਹੱਦੀ ਇਲਾਕੇ ਭਿੱਖੀਵਿੰਡ ਵਿੱਚ ਅੱਜ ਇੱਕ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੇਲਾ ਦੇਖਣ ਜਾ ਰਹੇ ਤਿੰਨ ਮੁੰਡਿਆਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਤਿੰਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰਾਂ 'ਚ ਸੱਥਰ ਵਿਛ ਗਏ।
ਦੱਸ ਦਈਏ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਚੱਲ ਰਹੇ ਸਾਲਾਨਾ ਜੋੜ ਮੇਲੇ 'ਚ ਜਾ ਰਹੇ ਤਿੰਨ ਮੁੰਡਿਆਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਭਿਆਨਕ ਸੜਕ ਹਾਦਸੇ ਦੌਰਾਨ ਤਿੰਨਾਂ ਦੀ ਮੌਤ ਹੋ ਗਈ। ਹਾਦਸਾ ਭਿੱਖੀਵਿੰਡ ਸਥਿਤ ਬੀ.ਐੱਸ.ਐੱਫ. ਕੈਂਪ ਨੇੜੇ ਦੇਰ ਰਾਤ ਕਰੀਬ 2 ਵਜੇ ਉਸ ਸਮੇਂ ਵਾਪਰਿਆ ਜਦੋਂ ਇਕ ਮੋਟਰਸਾਈਕਲ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਨਾਬਾਲਗ ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਭਿਜੋਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਮਾੜੀ ਮੇਘਾ, ਹਰਮਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਅਤੇ ਰਵੀ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਕਲਸੀਆਂ ਕਲਾਂ ਵਜੋਂ ਹੋਈ ਹੈ। ਮ੍ਰਿਤਕਾਂ ਦੀ ਉਮਰ ਕਰੀਬ 14 ਤੋਂ 16 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਤਿੰਨ ਮੁੰਡਿਆਂ ਦੀ ਇਕੱਠਿਆਂ ਮੌਤ ਹੋਣ ਕਾਰਣ ਇਲਾਕੇ ਵਿਚ ਸੋਗ ਦੀ ਲਹਿਰ ਹੈ। ਫਿਲਹਾਲ ਪੁਲਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਹਾਦਸੇ ਦੇ ਕਾਰਨਾਂ ਸੰਬੰਧੀ ਵੀ ਜਾਂਚ ਜਾਰੀ ਹੈ।


Click it and Unblock the Notifications
