ਚਾਵਲਾ ਰੇਪ ਕੇਸ 'ਤੇ ਸਿੱਖ ਜਥੇਬੰਦੀਆਂ ਸਖ਼ਤ, ਕਿਹਾ- ਹਰਜਿੰਦਰ ਧਾਮੀ ਦੇਣ ਅਸਤੀਫ਼ਾ।
ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਐਸਜੀਪੀਸੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਵਿਵਾਦ ਲਗਾਤਾਰ ਵੱਧ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ ।
ਜਲੰਧਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਲ ਸਿੱਖ ਇੰਡੀਆ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਫਗਵਾੜਾ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਦੀ ਮੰਗ ਕੀਤੀ। ਜਥੇਬੰਦੀਆਂ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਬਜਾਏ ਸੀਬੀਆਈ ਤੋਂ ਕਰਵਾਉਣ ਦੀ ਮੰਗ ਵੀ ਰੱਖੀ ਹੈ। ਧਾਮੀ ਖੁਦ ਵੀ 1 ਅਕਤੂਬਰ ਨੂੰ ਚਾਵਲਾ ਖ਼ਿਲਾਫ਼ ਦਰਜ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕਰ ਚੁੱਕੇ ਹਨ।

18 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਣਗੇ ਮੰਗ ਪੱਤਰ
ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਉਹ 18 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਣਗੇ। ਇਸ ਮੰਗ ਪੱਤਰ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਤੋਂ ਇਲਾਵਾ ਹਾਈਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਇੱਕ ਆਜ਼ਾਦ ਜਾਂਚ ਕਮੇਟੀ ਬਣਾਉਣ ਦੀ ਮੰਗ ਕੀਤੀ ਜਾਵੇਗੀ। ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਜਾਂਚ ਕਮੇਟੀ ਵਿੱਚ ਐਸਜੀਪੀਸੀ ਦੇ ਮੌਜੂਦਾ ਮੈਂਬਰ ਜਾਂ ਅਹੁਦੇਦਾਰ ਸ਼ਾਮਲ ਨਹੀਂ ਕੀਤੇ ਜਾਣੇ ਚਾਹੀਦੇ।
ਜਗੀਰ ਕੌਰ ਦੇ ਖਾਤੇ ਵਿੱਚ 1 ਲੱਖ ਰੁਪਏ ਟਰਾਂਸਫਰ ਕਰਨ ਦਾ ਮੁੱਦਾ
ਪ੍ਰੈੱਸ ਕਾਨਫਰੰਸ ਦੌਰਾਨ ਜਗੀਰ ਕੌਰ ਦੇ ਖਾਤੇ ਵਿੱਚ 1 ਲੱਖ ਰੁਪਏ ਟਰਾਂਸਫਰ ਕੀਤੇ ਜਾਣ ਦਾ ਮੁੱਦਾ ਵੀ ਉਠਾਇਆ ਗਿਆ। ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਇਹ ਰਕਮ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਹਵਾਂ ਦੇ ਖਾਤੇ ਤੋਂ ਭੇਜੀ ਗਈ ਸੀ। ਇਸ ਲੈਣ-ਦੇਣ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਐਸਜੀਪੀਸੀ ਦੀਆਂ ਸਰਾਵਾਂ ਵਿੱਚ ਬਹਿਰੀਨ ਦੀ ਮਹਿਲਾ ਦੇ ਠਹਿਰਨ ਅਤੇ ਕਥਿਤ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਦੇ ਇੱਕ ਹੋਰ ਸਹਿਯੋਗੀ ਨਾਲ ਜੁੜੇ ਕਥਿਤ ਮਾਮਲਿਆਂ ਦੇ ਸਬੂਤ ਵੀ ਜਲਦ ਜਨਤਕ ਕੀਤੇ ਜਾਣਗੇ।


Click it and Unblock the Notifications
