ਅਸਾਮ 'ਚ ਦਰਦਨਾਕ ਹਾਦਸਾ: ਮਿੰਨੀ ਬੱਸ ਅਤੇ ਟਰੱਕ ਦੀ ਟੱਕਰ 'ਚ 24 ਲੋਕਾਂ ਦੀ ਮੌਤ
ਅਸਾਮ ਦੇ ਕਾਜ਼ੀਰੰਗਾ ਵਿੱਚ ਸ਼ੁੱਕਰਵਾਰ ਨੂੰ ਇੱਕ ਤੇਜ਼ ਰਫ਼ਤਾਰ ਮਿੰਨੀ ਬੱਸ ਅਤੇ ਕੰਟੇਨਰ ਟਰੱਕ ਵਿਚਕਾਰ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਮਿੰਨੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਕਈ ਯਾਤਰੀ ਬੱਸ ਦੇ ਅੰਦਰ ਹੀ ਫਸ ਗਏ।
ਬਚਾਅ ਟੀਮ ਨੇ ਬੱਸ ਨੂੰ ਕੱਟ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਹਾਲਾਂਕਿ, ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਬੱਸ ਵਿੱਚ ਕੁੱਲ ਕਿੰਨੇ ਲੋਕ ਸਵਾਰ ਸਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਹਾਦਸੇ ਦਾ ਸ਼ਿਕਾਰ ਹੋਈ ਗੱਡੀ ਦੇ ਪਹਿਲਾਂ ਹੀ 12 ਚਲਾਨ ਕੱਟੇ ਜਾ ਚੁੱਕੇ ਸਨ। ਇਨ੍ਹਾਂ ਵਿੱਚੋਂ 38,500 ਰੁਪਏ ਦਾ ਜੁਰਮਾਨਾ ਭਰਿਆ ਜਾ ਚੁੱਕਾ ਸੀ, ਜਦਕਿ 4,000 ਰੁਪਏ ਦਾ ਇੱਕ ਚਲਾਨ ਅਜੇ ਵੀ ਬਕਾਇਆ ਸੀ।

ਪੁਲਿਸ ਨੇ ਕਿਹਾ- ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆਇਆ
ਪੁਲਿਸ ਅਧਿਕਾਈ ਨੇ ਦੱਸਿਆ ਕਿ ਮਿੰਨੀ ਬੱਸ ਬੋਕਾਖਾਟ ਤੋਂ ਨਗਾਓਂ ਵੱਲ ਜਾ ਰਹੀ ਸੀ। ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਮੁੱਢਲੀ ਜਾਂਚ ਮੁਤਾਬਕ, ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਬੱਸ ਸਾਹਮਣੇ ਤੋਂ ਆ ਰਹੇ ਕੰਟੇਨਰ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਕੋਹੋਰਾ ਮਾਡਲ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਯਾਤਰੀਆਂ ਨੂੰ ਅਗਲੇ ਇਲਾਜ ਲਈ ਜ਼ੋਰਹਾਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਅਸਾਮ ਵਿੱਚ 5 ਸਾਲਾਂ ਦੌਰਾਨ ਸੜਕ ਹਾਦਸਿਆਂ ਵਿੱਚ 15 ਹਜ਼ਾਰ ਤੋਂ ਵੱਧ ਮੌਤਾਂ
ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ, ਸਾਲ 2020 ਤੋਂ 2024 ਦਰਮਿਆਨ ਅਸਾਮ ਵਿੱਚ ਸੜਕ ਹਾਦਸਿਆਂ ਕਾਰਨ 15,306 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 3,351 ਮੌਤਾਂ ਸਾਲ 2024 ਵਿੱਚ ਦਰਜ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਸਾਲ 2023 ਵਿੱਚ 3,296 ਅਤੇ 2022 ਵਿੱਚ 2,994 ਲੋਕਾਂ ਨੇ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾਈ ਸੀ। ਹਾਲਾਂਕਿ, ਇਸ ਤੋਂ ਬਾਅਦ ਦੇ ਅੰਕੜੇ ਅਜੇ ਸਾਹਮਣੇ ਨਹੀਂ ਆਏ ਹਨ।


Click it and Unblock the Notifications
