UAE ’ਚ ਭਿਆਨਕ ਸੜਕ ਹਾਦਸਾ, ਬੇਕਾਬੂ ਟਰੱਕ ਨੇ 23 ਵਾਹਨਾਂ ਨੂੰ ਮਾਰੀ ਟੱਕਰ; 3 ਭਾਰਤੀਆਂ ਸਮੇਤ 14 ਦੀ ਮੌਤ
ਸੰਯੁਕਤ ਅਰਬ ਅਮੀਰਾਤ (UAE) ਦੇ ਫੁਜੈਰਾਹ ਵਿੱਚ ਵੀਰਵਾਰ ਦੇਰ ਰਾਤ ਇੱਕ ਬੇਕਾਬੂ ਟਰੱਕ ਨੇ 23 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਤਿੰਨ ਭਾਰਤੀਆਂ ਸਮੇਤ ਕੁੱਲ 14 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖ਼ਮੀ ਹੋ ਗਏ।
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਤਿੰਨੋਂ ਭਾਰਤੀ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਇੱਕੋ ਪਰਿਵਾਰ ਨਾਲ ਸਬੰਧਤ ਸਨ। ਮ੍ਰਿਤਕਾਂ ਵਿੱਚ ਜੁੜਵਾਂ ਭੈਣ-ਭਰਾ ਵੀ ਸ਼ਾਮਲ ਹਨ।ਟਰੱਕ ਦੀ ਟੱਕਰ ਤੋਂ ਬਾਅਦ ਕਈ ਗੱਡੀਆਂ ਵਿੱਚ ਅੱਗ ਲੱਗ ਗਈ। ਕੁਝ ਮ੍ਰਿਤਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਜਾਣ ਕਾਰਨ ਉਨ੍ਹਾਂ ਦੀ ਪਛਾਣ ਲਈ ਡੀਐੱਨਏ ਜਾਂਚ ਕਰਵਾਈ ਜਾ ਰਹੀ ਹੈ।

ਹਾਦਸੇ ਵਿੱਚ 7 ਦੇਸ਼ਾਂ ਦੇ ਨਾਗਰਿਕਾਂ ਦੀ ਮੌਤ
UAE ਦੇ ਗ੍ਰਹਿ ਮੰਤਰਾਲੇ ਅਨੁਸਾਰ, ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ UAE, ਓਮਾਨ, ਭਾਰਤ, ਬ੍ਰਾਜ਼ੀਲ, ਪਾਕਿਸਤਾਨ, ਜਾਰਡਨ ਅਤੇ ਮਿਸਰ ਦੇ ਨਾਗਰਿਕ ਸ਼ਾਮਲ ਹਨ। ਹਾਦਸੇ ਵਿੱਚ ਜ਼ਖ਼ਮੀ ਹੋਏ 30 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਇਨ੍ਹਾਂ ਵਿੱਚੋਂ ਲਗਭਗ ਅੱਧੇ ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ।
ਕੇਰਲ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਦੀ ਮਦਦ ਦੇ ਦਿੱਤੇ ਨਿਰਦੇਸ਼
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਤਿੰਨ ਭਾਰਤੀਆਂ ਦੀ ਪਛਾਣ ਮੁਹੰਮਦ ਅਸਮਿਲ, ਉਨ੍ਹਾਂ ਦੀ ਜੁੜਵਾਂ ਭੈਣ ਮਿਸਨਾ ਜ਼ੁਬਿਨ ਅਤੇ ਮੁਹੰਮਦ ਫੈਜ਼ ਵਜੋਂ ਹੋਈ ਹੈ। ਕੇਰਲ ਦੇ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨੇ ਪੀੜਤ ਪਰਿਵਾਰ ਦੀ ਮਦਦ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਕਿਹਾ ਹੈ। ਦੁਬਈ ਸਥਿਤ ਭਾਰਤੀ ਵਣਜ ਦੂਤਘਰ ਨੇ ਵੀ ਭਾਰਤੀ ਨਾਗਰਿਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਘਰ ਨੇ ਦੱਸਿਆ ਕਿ ਉਹ ਪੀੜਤ ਪਰਿਵਾਰਾਂ ਦੇ ਸੰਪਰਕ ਵਿੱਚ ਹੈ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ।
ਟੱਕਰ ਤੋਂ ਬਾਅਦ ਗੱਡੀਆਂ ਵਿੱਚ ਤੇਜ਼ੀ ਨਾਲ ਫੈਲੀ ਅੱਗ
UAE ਦੇ ਗ੍ਰਹਿ ਮੰਤਰਾਲੇ ਮੁਤਾਬਕ, ਇਹ ਹਾਦਸਾ ਫੁਜੈਰਾਹ ਸ਼ਹਿਰ ਦੇ ਐਂਟਰੀ ਰੂਟ 'ਤੇ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਵਾਪਰਿਆ। ਉਸ ਸਮੇਂ ਸੜਕ 'ਤੇ ਆਵਾਜਾਈ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ। ਇਸੇ ਦੌਰਾਨ ਇੱਕ ਟਰੱਕ ਦੇ ਚਾਲਕ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ। ਟਰੱਕ ਪਹਿਲਾਂ ਇੱਕ ਵਾਹਨ ਨਾਲ ਟਕਰਾਇਆ ਅਤੇ ਫਿਰ ਪਲਟ ਕੇ ਸੜਕ 'ਤੇ ਹੌਲੀ ਰਫ਼ਤਾਰ ਨਾਲ ਚੱਲ ਰਹੀਆਂ ਜਾਂ ਰੁਕੀਆਂ ਹੋਈਆਂ ਹੋਰ ਗੱਡੀਆਂ ਨਾਲ ਜਾ ਟਕਰਾਇਆ।
ਟੱਕਰ ਤੋਂ ਬਾਅਦ ਲੱਗੀ ਅੱਗ ਤੇਜ਼ੀ ਨਾਲ ਆਲੇ-ਦੁਆਲੇ ਦੇ ਵਾਹਨਾਂ ਵਿੱਚ ਫੈਲ ਗਈ। ਇਸ ਹਾਦਸੇ ਵਿੱਚ ਕੁੱਲ 23 ਵਾਹਨ ਸ਼ਾਮਲ ਸਨ, ਜਿਨ੍ਹਾਂ ਵਿੱਚ 18 ਕਾਰਾਂ ਅਤੇ 5 ਟਰੱਕ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ, ਐਂਬੂਲੈਂਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਬਚਾਅ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਉਣ, ਜ਼ਖ਼ਮੀਆਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ।


Click it and Unblock the Notifications
