ਭਾਰਤੀ ਹਵਾਈ ਸੈਨਾ ਨੂੰ ਮਿਲਿਆ ਨਵਾਂ ਮੁਖੀ, 'ਆਸ਼ੂਤੋਸ਼ ਦੀਕਸ਼ਿਤ' ਬਣੇ ਨਵੇਂ ਏਅਰ ਚੀਫ਼ ਮਾਰਸ਼ਲ, 31 ਅਕਤੂਬਰ ਨੂੰ ਸਾਂਭਣਗੇ ਅਹੁਦਾ
ਵਾਈਸ ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਭਾਰਤੀ ਹਵਾਈ ਸੈਨਾ ਦਾ ਨਵਾਂ ਏਅਰ ਚੀਫ ਮਾਰਸ਼ਲ ਨਿਯੁਕਤ ਕੀਤਾ ਗਿਆ ਹੈ। ਉਹ 31 ਅਕਤੂਬਰ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ। ਉਹ ਭਾਰਤੀ ਹਵਾਈ ਸੈਨਾ ਦੇ 51ਵੇਂ ਵਾਈਸ ਏਅਰ ਚੀਫ ਆਫ਼ ਸਟਾਫ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਆਸ਼ੂਤੋਸ਼ ਦੀਕਸ਼ਿਤ ਕਰਗਿਲ਼ ਦੀ ਲੜਾਈ ਦੌਰਾਨ ਆਪ੍ਰੇਸ਼ਨ ਸਫ਼ੇਦ ਸਾਗਰ ਦਾ ਹਿੱਸਾ ਸਨ। ਉਹ ਭਾਰਤੀ ਹਵਾਈ ਸੈਨਾ ਦੇ ਬੇਹੱਦ ਤਜਰਬੇਕਾਰ ਅਤੇ ਸੀਨੀਅਰ ਅਧਿਕਾਰੀਆਂ ਵਿੱਚ ਸ਼ਾਮਲ ਹਨ। ਉਹ 6 ਦਸੰਬਰ 1986 ਨੂੰ ਭਾਰਤੀ ਹਵਾਈ ਸੈਨਾ ਦੀ ਫਾਈਟਰ ਸਟ੍ਰੀਮ ਵਿੱਚ ਸ਼ਾਮਲ ਹੋਏ ਸਨ। ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਇੱਕ ਤਜਰਬੇਕਾਰ 'ਏਸ ਫਾਈਟਰ ਪਾਇਲਟ' ਮੰਨਿਆ ਜਾਂਦਾ ਹੈ। ਉਨ੍ਹਾਂ ਕੋਲ 20 ਤੋਂ ਵੱਧ ਕਿਸਮ ਦੇ ਜਹਾਜ਼ਾਂ 'ਤੇ 3,300 ਤੋਂ ਵੱਧ ਘੰਟਿਆਂ ਦੀ ਉਡਾਣ ਦਾ ਤਜਰਬਾ ਹੈ।

ਉਨ੍ਹਾਂ ਵੱਲੋਂ ਉਡਾਏ ਗਏ ਪ੍ਰਮੁੱਖ ਜਹਾਜ਼ਾਂ ਵਿੱਚ ਮਿਰਾਜ-2000, ਮਿਗ-21, ਜੈਗੁਆਰ, ਏਐੱਨ-32 ਅਤੇ ਹਾਕ ਆਦਿ ਸ਼ਾਮਲ ਹਨ। ਉਹ ਇੱਕ ਯੋਗ ਫਲਾਇੰਗ ਇੰਸਟ੍ਰਕਟਰ ਅਤੇ ਐਕਸਪੈਰੀਮੈਂਟਲ ਟੈਸਟ ਪਾਇਲਟ ਵੀ ਹਨ। ਆਸ਼ੂਤੋਸ਼ ਦੀਕਸ਼ਿਤ ਨੇ ਨੈਸ਼ਨਲ ਡਿਫੈਂਸ ਅਕੈਡਮੀ (NDA), ਖੜਕਵਾਸਲਾ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਬੰਗਲਾਦੇਸ਼ ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਤੋਂ ਸਿੱਖਿਆ ਅਤੇ ਸਿਖਲਾਈ ਹਾਸਲ ਕੀਤੀ ਹੈ।
ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਦਾ ਟੈਸਟਿੰਗ ਅਤੇ ਸਵਦੇਸ਼ੀ ਲੜਾਕੂ ਜਹਾਜ਼ ਪ੍ਰੋਗਰਾਮਾਂ ਵਿੱਚ ਵੀ ਮਹੱਤਵਪੂਰਨ ਤਜਰਬਾ ਰਿਹਾ ਹੈ। ਉਨ੍ਹਾਂ ਦਾ ਇਹ ਤਜਰਬਾ ਭਾਰਤੀ ਹਵਾਈ ਸੈਨਾ ਦੇ ਆਧੁਨਿਕੀਕਰਨ ਅਤੇ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਅਹਿਮ ਮੰਨਿਆ ਜਾਂਦਾ ਹੈ।
ਉਨ੍ਹਾਂ ਨੂੰ ਕਈ ਵੱਕਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ---
- ਪਰਮ ਵਿਸ਼ਿਸ਼ਟ ਸੇਵਾ ਮੈਡਲ (PVSM) - 2026
- ਅਤੀ ਵਿਸ਼ਿਸ਼ਟ ਸੇਵਾ ਮੈਡਲ (AVSM) - 2023
- ਵਾਯੂ ਸੈਨਾ ਮੈਡਲ (VM) - 2006
- ਵਿਸ਼ਿਸ਼ਟ ਸੇਵਾ ਮੈਡਲ (VSM) - 2011


Click it and Unblock the Notifications
