IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ, ਸਾਰੇ ਕੋਚ ਛੱਡ ਗਏ ਟੀਮ!
IPL ਫ੍ਰੈਂਚਾਈਜ਼ੀ ਪੰਜਾਬ ਕਿੰਗਜ਼ ਦੇ ਫੀਲਡਿੰਗ ਕੋਚ ਬ੍ਰੈਡ ਹੈਡਿਨ ਅਤੇ ਤੇਜ਼ ਗੇਂਦਬਾਜ਼ੀ ਕੋਚ ਜੇਮਸ ਹੋਪਸ ਨੇ ਟੀਮ ਛੱਡ ਦਿੱਤੀ ਹੈ। ਦੋਵਾਂ ਨੇ ਹਾਲ ਹੀ ਵਿੱਚ ਫ੍ਰੈਂਚਾਈਜ਼ੀ ਮੈਨੇਜਮੈਂਟ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹੈਡਿਨ ਅਤੇ ਹੋਪਸ ਬਿਗ ਬੈਸ਼ ਲੀਗ (BBL) ਨਾਲ ਜੁੜ ਸਕਦੇ ਹਨ।
ਹੁਣ IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਆਪਣੀ ਕੋਚਿੰਗ ਟੀਮ ਵਿੱਚ 3 ਨਵੇਂ ਕੋਚਾਂ ਦੀ ਲੋੜ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਸਾਈਰਾਜ ਬਹੁਤੁਲੇ ਟੀਮ ਛੱਡ ਚੁੱਕੇ ਹਨ। ਉਹ ਹੁਣ ਭਾਰਤੀ ਕ੍ਰਿਕਟ ਟੀਮ ਦੇ ਸਪਿਨ ਬੋਲਿੰਗ ਕੋਚ ਬਣ ਗਏ ਹਨ। ਦੱਸ ਦਈਏ ਕਿ ਨਵੇਂ ਕੋਚਾਂ ਦੀ ਚੋਣ ਦਸੰਬਰ ਦੇ ਮੱਧ ਵਿੱਚ ਹੋਣ ਵਾਲੀ IPL ਨਿਲਾਮੀ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ।

'ਹੈਡਿਨ' ਫੀਲਡਿੰਗ ਤੇ ਪੇਸ ਅਟੈਕ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ 'ਹੋਪਸ'
ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਬ੍ਰੈਡ ਹੈਡਿਨ ਪੰਜਾਬ ਕਿੰਗਜ਼ ਦੇ ਫੀਲਡਿੰਗ ਕੋਚ ਸਨ। ਉੱਥੇ ਹੀ ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੇਮਸ ਹੋਪਸ ਰਿਕੀ ਪੋਂਟਿੰਗ ਦੇ ਕਾਰਜਕਾਲ ਦੌਰਾਨ ਟੀਮ ਦੇ ਬੋਲਿੰਗ ਕੋਚ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਜੇਮਸ ਹੋਪਸ ਨੂੰ ਰਿਕੀ ਪੋਂਟਿੰਗ ਦੇ ਕਰੀਬੀ ਮੰਨਿਆ ਜਾਂਦਾ ਹੈ। ਉਹ ਕੁਝ ਸੀਜ਼ਨ ਪਹਿਲਾਂ ਪੋਂਟਿੰਗ ਦੇ ਨਾਲ ਹੀ ਦਿੱਲੀ ਕੈਪੀਟਲਜ਼ ਤੋਂ ਪੰਜਾਬ ਕਿੰਗਜ਼ ਵਿੱਚ ਆਏ ਸਨ। ਦੂਜੇ ਪਾਸੇ, ਬ੍ਰੈਡ ਹੈਡਿਨ ਪਿਛਲੀ ਮੈਨੇਜਮੈਂਟ ਟੀਮ ਨਾਲ ਜੁੜੇ ਹੋਏ ਸਨ।
ਰਿਕੀ ਪੋਂਟਿੰਗ ਕਰਨਗੇ ਨਵੇਂ ਕੋਚਿੰਗ ਸਟਾਫ਼ ਦੀ ਚੋਣ
ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਪੰਜਾਬ ਕਿੰਗਜ਼ ਮੈਨੇਜਮੈਂਟ ਨੇ ਨਵੇਂ ਕੋਚਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਵੇਂ ਕੋਚਿੰਗ ਸਟਾਫ਼ ਬਾਰੇ ਅੰਤਿਮ ਫੈਸਲਾ ਰਿਕੀ ਪੋਂਟਿੰਗ ਕਰਨਗੇ। ਹਾਲਾਂਕਿ ਮੈਨੇਜਮੈਂਟ ਵੱਲੋਂ ਕੁਝ ਨਾਮ ਸੁਝਾਏ ਜਾ ਸਕਦੇ ਹਨ। ਪੋਂਟਿੰਗ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਉਮੀਦਵਾਰਾਂ ਨਾਲ ਗੱਲਬਾਤ ਅਤੇ ਇੰਟਰਵਿਊ ਕੀਤੇ ਜਾਣਗੇ। ਇੱਕ ਸੂਤਰ ਨੇ ਕਿਹਾ, "ਹੈੱਡ ਕੋਚ ਹੀ ਫੈਸਲਾ ਕਰਨਗੇ।" ਦੱਸ ਦਈਏ ਕਿ ਰਿਕੀ ਪੋਂਟਿੰਗ ਨੂੰ IPL 2025 ਤੋਂ ਪਹਿਲਾਂ ਪੰਜਾਬ ਕਿੰਗਜ਼ ਦਾ ਕੋਚ ਨਿਯੁਕਤ ਕੀਤਾ ਗਿਆ ਸੀ।
ਪੰਜਾਬ ਕਿੰਗਜ਼ ਦੀ ਟੀਮ ਪਿਛਲੇ IPL ਸੀਜ਼ਨ ਵਿੱਚ 5ਵੇਂ ਸਥਾਨ 'ਤੇ ਰਹੀ ਸੀ। ਟੀਮ ਨੇ ਆਪਣਾ ਆਖਰੀ ਮੈਚ ਲਖਨਊ ਖ਼ਿਲਾਫ਼ ਜਿੱਤਿਆ ਸੀ।


Click it and Unblock the Notifications
