ਦਿਲਜੀਤ ਦੇ ਦਿੱਲੀ ਸ਼ੋਅ ਤੋਂ ਪਹਿਲਾਂ ਘਰ ਦੀ ਕੰਧ 'ਤੇ ਲਿਖੇ ਖ਼ਾਲਿਸਤਾਨੀ ਨਾਅਰੇ! ਲੋਕਾਂ ਨੂੰ ਸ਼ੋਅ 'ਚ ਨਾ ਜਾਣ ਦੀ ਨਸੀਹਤ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 'Aura India Tour 2026' ਤੋਂ ਪਹਿਲਾਂ ਕੁੱਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਪਿੰਡ ਵਾਲੇ ਘਰ ਦੀ ਕੰਧ 'ਤੇ ਖ਼ਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਭੁਲੇਖੇ 'ਚ ਉਹ ਕਿਸੀ ਹੋਰ ਦੇ ਘਰ ਦੇ ਬਾਹਰ ਉਹ ਨਾਅਰੇ ਲਿਖ ਕੇ ਚਲੇ ਗਏ।
ਉਨ੍ਹਾਂ ਦੇ ਪਿੰਡ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ 'ਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਬਾਅਦ ਵਿੱਚ ਪਤਾ ਲੱਗਿਆ ਕਿ ਜਿਸ ਘਰ ਦੀ ਕੰਧ 'ਤੇ ਇਹ ਨਾਅਰੇ ਲਿਖੇ ਗਏ, ਉਹ ਦਿਲਜੀਤ ਦੋਸਾਂਝ ਦਾ ਨਹੀਂ, ਸਗੋਂ ਉਨ੍ਹਾਂ ਦੇ ਗੁਆਂਢੀ ਦਾ ਘਰ ਹੈ। ਗੁਆਂਢੀ ਮੁਖਤਿਆਰ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਕਰੀਬ ਡੇਢ ਵਜੇ 4-5 ਵਿਅਕਤੀ ਕੰਧ 'ਤੇ ਕੁਝ ਲਿਖ ਰਹੇ ਸਨ। ਮੁਖਤਿਆਰ ਮੁਤਾਬਕ ਜਦੋਂ ਉਸ ਨੇ ਉਨ੍ਹਾਂ ਨੂੰ ਡਾਂਟਿਆ ਤਾਂ ਉਹ ਮੌਕੇ ਤੋਂ ਭੱਜ ਗਏ।

ਵੀਡੀਓ ਬਣਾ ਕੇ ਦੱਸਿਆ -ਅਸੀਂ ਲਿਖਿਆ ਖ਼ਾਲਿਸਤਾਨ ਵਾਰੇ
ਦੱਸ ਦਈਏ ਕਿ ਭੁਲੇਖੇ 'ਚ ਕਿਸੇ ਹੋਰ ਦੇ ਘਰ ਨੂੰ ਦਿਲਜੀਤ ਦੋਸਾਂਝ ਦਾ ਘਰ ਸਮਝ ਕੇ ਨਾਅਰੇ ਲਿਖਣ ਤੋਂ ਬਾਅਦ ਇਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ , ਜਿਸਦੇ ਵਿੱਚ ਇੱਕ ਸ਼ਖਸ ਦਿਲਜੀਤ ਦੇ ਘਰ ਦੀ ਦੀਵਾਰ 'ਤੇ ਸਪਰੇਅ ਰੰਗ ਨਾਲ ਇਹ ਨਾਅਰੇ ਲਿਖਦਾ ਨਜ਼ਰ ਆ ਰਿਹਾ ਹੈ ,ਉਸਨੇ ਆਪਣਾ ਮੂੰਹ ਢਕਿਆ ਹੋਇਆ ਸੀ , ਅਤੇ ਪਿੱਛੇ ਇੱਕ ਸ਼ਖਸ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਅਸੀਂ ਇਹ ਨਾਅਰੇ ਲਿਖੇ ਹਨ। ਉਸ ਸ਼ਖਸ ਨੇ ਇਹ ਵੀ ਕਿਹਾ ਕਿ 1 ਨਵੰਬਰ ਨੂੰ ਦਿੱਲੀ ਵਿੱਚ ਦਿਲਜੀਤ ਦਾ ਸ਼ੋਅ ਵੇਖਣ ਕੋਈ ਨਾ ਜਾਵੇ, ਕਿਉਂਕਿ ਉਹ ਵੀ ਉੱਥੇ ਖਾਲਿਸਤਾਨੀ ਝੰਡੇ ਲੈ ਕੇ ਪਹੁੰਚਣਗੇ।
1 ਨਵੰਬਰ ਤੋਂ ਸ਼ੁਰੂ ਹੋਵੇਗਾ ਦਿਲਜੀਤ ਦਾ ਇੰਡੀਆ ਟੂਰ
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ 'ਰੁਪੇ Aura India Tour 2026' 1 ਨਵੰਬਰ ਤੋਂ ਦਿੱਲੀ-NCR ਦੇ ਜਵਾਹਰਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਟੂਰ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ ਵਿੱਚ ਕਰਵਾਇਆ ਜਾਵੇਗਾ.
ਟੂਰ ਦੇ ਤਹਿਤ:-
- 1 ਨਵੰਬਰ: ਦਿੱਲੀ-NCR
- 15 ਨਵੰਬਰ: ਇੰਦੌਰ
- 21 ਨਵੰਬਰ: ਅਹਿਮਦਾਬਾਦ
- 27 ਨਵੰਬਰ: ਮੁੰਬਈ
- 29 ਨਵੰਬਰ: ਬੈਂਗਲੁਰੂ
- 5 ਦਸੰਬਰ: ਲਖਨਊ ਵਿਖੇ ਸ਼ੋਆਂ ਹੋਵੇਗਾ। ਟੂਰ ਦਾ ਆਖਰੀ ਸ਼ੋਅ ਚੰਡੀਗੜ੍ਹ ਵਿੱਚ ਹੋਣਾ ਤੈਅ ਕੀਤਾ ਗਿਆ ਹੈ, ਹਾਲਾਂਕਿ ਇਸ ਦੀ ਅੰਤਿਮ ਤਾਰੀਖ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਲਾਕੇ ਦੇ CCTV ਕੈਮਰਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ ਤਾਂ ਜੋ ਇਹ ਕੰਮ ਕਰਨ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ।
ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਦਿਲਜੀਤ ਦੋਸਾਂਝ ਦਾ ਕੋਈ ਵੀ ਪ੍ਰਤੀਕ੍ਰਮ ਸਾਹਮਣੇ ਨਹੀਂ ਆਇਆ ਹੈ।


Click it and Unblock the Notifications
