'ਪੰਜਾਬ ਦਾ ਕਰੋੜਪਤੀ' ਮੁਕਾਬਲਾ ਖੇਡ ਕੇ ਜਿੱਤੋ 1ਕਰੋੜ ਦਾ ਇਨਾਮ: ਜਾਣੋ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਅਤੇ ਪੂਰਾ ਸ਼ਡਿਊਲ
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 'ਪੰਜਾਬ ਦਾ ਕਰੋੜਪਤੀ' ਨਾਂ ਦਾ ਸੂਬਾ ਪੱਧਰੀ ਕੁਇਜ਼ ਮੁਕਾਬਲਾ ਸ਼ੁਰੂ ਕੀਤਾ ਹੈ। ਇਸ ਮੁਕਾਬਲੇ ਵਿੱਚ ਪੰਜਾਬ ਦਾ ਕੋਈ ਵੀ ਨੌਜਵਾਨ ਆਪਣੇ ਗਿਆਨ ਅਤੇ ਮਿਹਨਤ ਦੇ ਦਮ 'ਤੇ 1 ਕਰੋੜ ਰੁਪਏ ਦਾ ਨਕਦ ਇਨਾਮ ਜਿੱਤ ਸਕੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਲਈ ਖੇਡਾਂ ਦੇ ਨਾਲ-ਨਾਲ ਸਿੱਖਿਆ 'ਤੇ ਵੀ ਜ਼ੋਰ ਦੇ ਰਹੀ ਹੈ। ਸਰਕਾਰ ਦਾ ਮੰਨਣਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਨੌਜਵਾਨਾਂ ਦਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਇਸੇ ਸੋਚ ਤਹਿਤ ਮਾਨ ਸਰਕਾਰ ਨੇ ਸਾਲ 2022 ਵਿੱਚ 'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਿਆ ਜਾ ਸਕੇ ਅਤੇ ਉਨ੍ਹਾਂ ਦੀਆਂ ਛੁਪੀਆਂ ਖੇਡ ਪ੍ਰਤਿਭਾਵਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ।

ਹੁਣ ਇਸੇ ਲੜੀ ਵਿੱਚ 'ਪੰਜਾਬ ਦਾ ਕਰੋੜਪਤੀ' ਰਾਹੀਂ ਨੌਜਵਾਨਾਂ ਦੀ ਬੌਧਿਕ ਸਮਰੱਥਾ, ਆਮ ਗਿਆਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਇੱਕ ਪਾਸੇ ਖੇਡਾਂ ਰਾਹੀਂ ਸਰੀਰਕ ਤੰਦਰੁਸਤੀ ਅਤੇ ਦੂਜੇ ਪਾਸੇ ਗਿਆਨ ਰਾਹੀਂ ਮਾਨਸਿਕ ਸਮਰੱਥਾ ਨੂੰ ਉਤਸ਼ਾਹਿਤ ਕਰਨ ਦੀ ਰਣਨੀਤੀ 'ਤੇ ਸਰਕਾਰ ਕੰਮ ਕਰ ਰਹੀ ਹੈ।
2027 ਦੀਆਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਜੋੜਨ ਦੀ ਕੋਸ਼ਿਸ਼
ਖੇਡਾਂ ਅਤੇ ਸਿੱਖਿਆ ਨਾਲ ਜੁੜੀਆਂ ਇਨ੍ਹਾਂ ਪਹਿਲਕਦਮੀਆਂ ਦੇ ਸਿਆਸੀ ਮਾਇਨੇ ਵੀ ਕੱਢੇ ਜਾ ਰਹੇ ਹਨ। ਪੰਜਾਬ ਦੇ ਕਰੀਬ 73.8 ਲੱਖ ਨੌਜਵਾਨਾਂ ਤੱਕ ਪਹੁੰਚ ਬਣਾਉਣ ਦੀਆਂ ਸਿਆਸੀ ਚਰਚਾਵਾਂ ਵਿਚਾਲੇ 'ਪੰਜਾਬ ਦਾ ਕਰੋੜਪਤੀ' ਮੁਕਾਬਲੇ ਦੇ ਐਲਾਨ ਨੂੰ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਚੋਣਾਂ ਤੋਂ ਪਹਿਲਾਂ ਸਿੱਖਿਆ, ਰੁਜ਼ਗਾਰ, ਖੇਡਾਂ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮੁੱਦੇ ਸਿਆਸੀ ਚਰਚਾ ਵਿੱਚ ਅਹਿਮ ਥਾਂ ਬਣਾ ਰਹੇ ਹਨ। ਅਜਿਹੇ ਵਿੱਚ ਮਾਨ ਸਰਕਾਰ ਦੀ ਇਹ ਨਵੀਂ ਪਹਿਲ ਨੌਜਵਾਨਾਂ ਤੱਕ ਆਪਣੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ ਇੱਕ ਹੋਰ ਮਾਧਿਅਮ ਬਣ ਸਕਦੀ ਹੈ।
1 ਕਰੋੜ ਰੁਪਏ ਜਿੱਤਣ ਦਾ ਮਿਲੇਗਾ ਮੌਕਾ, ਜਾਣੋ ਕਿਸ ਨੂੰ ਮਿਲਣਗੇ ਕਿੰਨੇ ਇਨਾਮ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਮੁਤਾਬਕ, ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਣਗੇ।ਮੁਕਾਬਲੇ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਚਾਰ ਉਪ-ਜੇਤੂਆਂ ਨੂੰ 10-10 ਲੱਖ ਰੁਪਏ ਅਤੇ ਲੀਡਰਬੋਰਡ ਵਿੱਚ ਥਾਂ ਬਣਾਉਣ ਵਾਲੇ ਅੱਠ ਹੋਰ ਭਾਗੀਦਾਰਾਂ ਨੂੰ 5-5 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ।
ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਦੇਖਣਾ ਚਾਹੁੰਦੀ ਹੈ ਸਰਕਾਰ : ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਨੂੰ ਪੜ੍ਹਾਈ ਅਤੇ ਗਿਆਨ ਵੱਲ ਪ੍ਰੇਰਿਤ ਕਰਨਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਹੋਣ, ਕਿਉਂਕਿ ਕਲਮ ਹੀ ਕਿਸੇ ਕੌਮ ਦੀ ਕਿਸਮਤ ਘੜ ਸਕਦੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਦੀ ਸਫਲਤਾ ਨੂੰ ਪੰਜਾਬ ਦੀ ਅਸਲ ਤਰੱਕੀ ਦੱਸਦਿਆਂ ਕਿਹਾ ਹੈ ਕਿ ਸਰਕਾਰ ਉਨ੍ਹਾਂ ਦੀ ਮਿਹਨਤ ਅਤੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।
50 ਹਜ਼ਾਰ ਸਵਾਲਾਂ ਦਾ ਹੋਵੇਗਾ ਪ੍ਰਸ਼ਨ ਬੈਂਕ, PCS ਅਤੇ ਪਟਵਾਰੀ ਦੀ ਤਿਆਰੀ ਵਿੱਚ ਵੀ ਮਿਲੇਗੀ ਮਦਦ
'ਪੰਜਾਬ ਦਾ ਕਰੋੜਪਤੀ' ਨੂੰ ਸਿਰਫ਼ ਇਨਾਮ ਜਿੱਤਣ ਵਾਲੇ ਮੁਕਾਬਲੇ ਵਜੋਂ ਹੀ ਨਹੀਂ, ਸਗੋਂ ਸਰਕਾਰੀ ਨੌਕਰੀਆਂ ਦੀ ਤਿਆਰੀ ਨਾਲ ਜੁੜੇ ਇੱਕ ਮੰਚ ਵਜੋਂ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਕਰੀਬ 50 ਹਜ਼ਾਰ ਸਵਾਲਾਂ ਦਾ ਪ੍ਰਸ਼ਨ ਬੈਂਕ ਤਿਆਰ ਕੀਤਾ ਜਾਵੇਗਾ। ਇਸ ਵਿੱਚ ਪੰਜਾਬ ਦੇ ਇਤਿਹਾਸ, ਭੂਗੋਲ, ਕਲਾ, ਸੱਭਿਆਚਾਰ, ਗਣਿਤ, ਆਮ ਗਿਆਨ, ਵਰਤਮਾਨ ਮਾਮਲਿਆਂ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਨਾਲ ਜੁੜੇ ਸਵਾਲ ਸ਼ਾਮਲ ਹੋਣਗੇ।
ਸਵਾਲਾਂ ਦਾ ਪੱਧਰ ਕਾਂਸਟੇਬਲ, ਪਟਵਾਰੀ ਅਤੇ ਪੀ.ਸੀ.ਐੱਸ. ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਵੀ ਲਾਹੇਵੰਦ ਹੋ ਸਕਦਾ ਹੈ। ਹਰੇਕ ਸਵਾਲ ਦੇ ਚਾਰ ਵਿਕਲਪ ਹੋਣਗੇ ਅਤੇ ਜਵਾਬ ਦੇਣ ਲਈ 20 ਸਕਿੰਟ ਦਾ ਸਮਾਂ ਮਿਲੇਗਾ। ਭਾਗੀਦਾਰਾਂ ਨੂੰ ਸਹੀ ਜਵਾਬ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ, ਤਾਂ ਜੋ ਉਹ ਆਪਣੀਆਂ ਗਲਤੀਆਂ ਤੋਂ ਸਿੱਖ ਸਕਣ।
ਪਹਿਲੇ 9 ਰਾਊਂਡ ਹੋਣਗੇ ਆਨਲਾਈਨ, 17 ਦਸੰਬਰ ਨੂੰ ਹੋਵੇਗਾ ਗ੍ਰੈਂਡ ਫਿਨਾਲੇ
ਇਸ ਮੁਕਾਬਲੇ ਰਾਹੀਂ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਇੱਕੋ ਸੂਬਾ ਪੱਧਰੀ ਮੰਚ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਮੁਕਾਬਲੇ ਦੇ ਪਹਿਲੇ 9 ਰਾਊਂਡ ਆਨਲਾਈਨ ਕਰਵਾਏ ਜਾਣਗੇ। ਇਸ ਤੋਂ ਬਾਅਦ ਹਰੇਕ ਜ਼ਿਲ੍ਹੇ ਦੇ ਚੋਟੀ ਦੇ 10 ਭਾਗੀਦਾਰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹੁੰਚਣਗੇ। ਹਰੇਕ ਜ਼ਿਲ੍ਹੇ ਦਾ ਜੇਤੂ 17 ਦਸੰਬਰ ਨੂੰ ਹੋਣ ਵਾਲੇ ਗ੍ਰੈਂਡ ਫਿਨਾਲੇ ਵਿੱਚ ਪਹੁੰਚੇਗਾ। ਆਖਰੀ ਮੁਕਾਬਲੇ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਜੇਤੂ 1 ਕਰੋੜ ਰੁਪਏ ਦੇ ਇਨਾਮ ਲਈ ਆਹਮੋ-ਸਾਹਮਣੇ ਹੋਣਗੇ।
ਜਾਣੋ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਅਤੇ ਮੁਕਾਬਲੇ ਦਾ ਪੂਰਾ ਸ਼ਡਿਊਲ
ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 28 ਨਵੰਬਰ ਰੱਖੀ ਗਈ ਹੈ। ਪਹਿਲਾ ਆਨਲਾਈਨ ਰਾਊਂਡ 21 ਨਵੰਬਰ ਨੂੰ ਹੋਵੇਗਾ। ਇਸ ਤੋਂ ਬਾਅਦ 23, 25, 27 ਅਤੇ 29 ਨਵੰਬਰ ਅਤੇ 1, 3, 5 ਅਤੇ 7 ਦਸੰਬਰ ਨੂੰ ਅਗਲੇ ਰਾਊਂਡ ਕਰਵਾਏ ਜਾਣਗੇ। ਮੁਕਾਬਲੇ ਦਾ ਜ਼ਿਲ੍ਹਾ ਪੱਧਰੀ ਪੜਾਅ 9 ਦਸੰਬਰ ਨੂੰ ਅਤੇ ਸੂਬਾ ਪੱਧਰੀ ਗ੍ਰੈਂਡ ਫਿਨਾਲੇ 17 ਦਸੰਬਰ ਨੂੰ ਕਰਵਾਉਣ ਦੀ ਯੋਜਨਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਪਹਿਲਕਦਮੀਆਂ ਨੂੰ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਦੇਣ ਦੇ ਉਦੇਸ਼ ਨਾਲ ਜੋੜਿਆ ਹੈ। ਪੰਜਾਬ ਦੀ Gen-Z ਲਈ ਹੁਣ ਸਿਰਫ਼ ਸੁਪਨੇ ਦੇਖਣ ਦਾ ਹੀ ਨਹੀਂ, ਸਗੋਂ ਆਪਣੀ ਪ੍ਰਤਿਭਾ ਸਾਬਤ ਕਰਨ ਦਾ ਵੀ ਮੌਕਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ 'ਖੇਡਾਂ ਵਤਨ ਪੰਜਾਬ ਦੀਆਂ' ਰਾਹੀਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਕੀਤੀ ਅਤੇ ਹੁਣ 'ਪੰਜਾਬ ਦਾ ਕਰੋੜਪਤੀ' ਰਾਹੀਂ ਗਿਆਨ, ਤਕਨਾਲੋਜੀ ਅਤੇ ਮੁਕਾਬਲੇ ਨੂੰ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।


Click it and Unblock the Notifications
