ਗੁਲਾਬ ਸਿੱਧੂ ਦੇ ਘਰ ’ਤੇ ਤਾਬੜਤੋੜ ਫਾਇਰਿੰਗ, 8 ਰਾਊਂਡ ਚੱਲੀਆਂ ਗੋਲੀਆਂ
ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ 'ਤੇ ਹਮਲਾਵਰਾਂ ਵੱਲੋਂ ਤਾਬੜਤੋੜ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਦੇ ਪਿੰਡ ਫਰਵਾਹੀ 'ਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਪੈਤ੍ਰਿਕ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।ਵੀਡੀਓ ਵਿੱਚ ਬਾਈਕ 'ਤੇ ਸਵਾਰ ਤਿੰਨ ਨੌਜਵਾਨ ਘਰ ਦੇ ਨੇੜੇ ਆਉਂਦੇ ਦਿਖਾਈ ਦੇ ਰਹੇ ਹਨ।
ਘਰ ਦੇ ਬਾਹਰ ਪਹੁੰਚਦੇ ਹੀ ਨੌਜਵਾਨਾਂ ਨੇ ਬਾਈਕ ਰੋਕੀ। ਇਸ ਤੋਂ ਬਾਅਦ ਵਿਚਕਾਰ ਬੈਠੇ ਨੌਜਵਾਨ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੇ ਪਿੱਛੇ ਬੈਠੇ ਨੌਜਵਾਨ ਨੇ ਵੀ ਫਾਇਰਿੰਗ ਕੀਤੀ, ਜਦਕਿ ਬਾਈਕ ਚਲਾ ਰਹੇ ਤੀਜੇ ਨੌਜਵਾਨ ਵੱਲੋਂ ਇਸ ਪੂਰੀ ਘਟਨਾ ਦੀ ਵੀਡੀਓ ਬਣਾਈ ਗਈ।ਇਸ ਤੋਂ ਬਾਅਦ ਤਿੰਨੇ ਨੌਜਵਾਨ ਕਰੀਬ 8 ਰਾਊਂਡ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਫ਼ਾਇਰਿੰਗ ਤੋਂ ਬਾਅਦ ਗੋਲੀਆਂ ਦੇ ਨਿਸ਼ਾਨ ਘਰ ਦੇ ਗੇਟ 'ਤੇ ਸਾਫ਼ ਦਿਖਾਈ ਦੇ ਰਹੇ ਹਨ।

ਗੈਂਗਸਟਰ ਡੋਨੀ ਬੱਲ ਦੀ ਕਥਿਤ ਆਡੀਓ ਵੀ ਆਈ ਸਾਹਮਣੇ
ਇਸ ਮਾਮਲੇ ਵਿੱਚ ਗੈਂਗਸਟਰ ਡੋਨੀ ਬੱਲ ਦੀ ਇੱਕ ਆਡੀਓ ਵੀ ਸਾਹਮਣੇ ਆਈ ਹੈ। ਆਡੀਓ ਵਿੱਚ ਉਸ ਵੱਲੋਂ ਗੁਲਾਬ ਸਿੱਧੂ ਦੇ ਘਰ 'ਤੇ ਗੋਲੀਆਂ ਚਲਵਾਉਣ ਦੀ ਗੱਲ ਕਹੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਸ ਆਡੀਓ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਘਟਨਾ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਕਰੀਬ 1:30 ਤੋਂ 2 ਵਜੇ ਦੇ ਵਿਚਕਾਰ ਵਾਪਰੀ। ਵਾਰਦਾਤ ਸਮੇਂ ਗਾਇਕ ਗੁਲਾਬ ਸਿੱਧੂ ਆਪਣੇ ਘਰ ਵਿੱਚ ਮੌਜੂਦ ਨਹੀਂ ਸਨ।
ਪਰਿਵਾਰ ਮੁਤਾਬਕ, ਉਹ ਇਨ੍ਹੀਂ ਦਿਨੀਂ ਮਿਊਜ਼ਿਕਲ ਸ਼ੋਅ ਅਤੇ ਹੋਰ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਵਿਦੇਸ਼ ਗਏ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਨੂੰ ਕੁਝ ਲੋਕਾਂ ਵੱਲੋਂ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ ਕਾਰਨ ਪੁਲਿਸ ਇਸ ਫਾਇਰਿੰਗ ਦੀ ਘਟਨਾ ਨੂੰ ਪੁਰਾਣੀਆਂ ਧਮਕੀਆਂ ਅਤੇ ਗੈਂਗਸਟਰਾਂ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਘਰ 'ਤੇ ਫਾਇਰਿੰਗ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਰਸਤਿਆਂ ਅਤੇ ਪਿੰਡ ਦੇ ਮੁੱਖ ਮਾਰਗਾਂ 'ਤੇ ਲੱਗੇ CCTV ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫੋਰੈਂਸਿਕ ਸਬੂਤ ਵੀ ਇਕੱਠੇ ਕੀਤੇ ਜਾ ਰਹੇ ਹਨ ਅਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Click it and Unblock the Notifications
