ਏਸ਼ੀਅਨ ਚੈਂਪੀਅਨਜ਼ ਟਰਾਫੀ : CM ਰਿਹਾਇਸ਼ 'ਤੇ ਖਿਡਾਰੀਆਂ ਲਈ ਡਿਨਰ, CM ਮਾਨ ਵੱਲੋਂ ਸਾਰੀਆਂ ਟੀਮਾਂ ਦਾ ਨਿੱਘਾ ਸਵਾਗਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਟੀਮਾਂ ਨੂੰ ਪੰਜਾਬ ਦੀ ਸ਼ਾਨਦਾਰ ਮਹਿਮਾਨਨਿਵਾਜ਼ੀ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨਿਵਾਸ (CMR) ਵਿਖੇ ਟੀਮਾਂ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ CM ਮਾਨ ਨੇ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰਨਾ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਸੂਬੇ ਨੂੰ ਕੌਮਾਂਤਰੀ ਖੇਡ ਨਕਸ਼ੇ 'ਤੇ ਹੋਰ ਮਜ਼ਬੂਤੀ ਨਾਲ ਸਥਾਪਿਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਵੀ ਹੈ।

hockey punjab

ਪੰਜਾਬ ਕੁਰਬਾਨੀ, ਬਹਾਦਰੀ ਅਤੇ ਮਨੁੱਖਤਾ ਦੀ ਧਰਤੀ: CM ਮਾਨ

ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਪੰਜਾਬ ਸਿਰਫ਼ ਇੱਕ ਭੂਗੋਲਿਕ ਖੇਤਰ ਨਹੀਂ, ਸਗੋਂ ਕੁਰਬਾਨੀ, ਬਹਾਦਰੀ, ਮਿਹਨਤ, ਇਨਕਲਾਬੀ ਜਜ਼ਬੇ ਅਤੇ ਮਨੁੱਖਤਾ ਦੀ ਪਛਾਣ ਵਾਲੀ ਧਰਤੀ ਹੈ। ਜਦੋਂ ਵੀ ਦੇਸ਼ ਨੂੰ ਹਿੰਮਤ, ਵਚਨਬੱਧਤਾ ਅਤੇ ਨਿਸ਼ਕਾਮ ਸੇਵਾ ਦੀ ਲੋੜ ਪਈ ਹੈ, ਪੰਜਾਬ ਦੇ ਲੋਕ ਹਮੇਸ਼ਾ ਮੋਹਰੀ ਰਹੇ ਹਨ।"

ਉਨ੍ਹਾਂ ਕਿਹਾ ਕਿ ਪੰਜਾਬ ਦੀ ਪਛਾਣ ਸ਼ਹੀਦਾਂ ਦੇ ਖ਼ੂਨ, ਕਿਸਾਨਾਂ ਦੇ ਪਸੀਨੇ, ਸੈਨਿਕਾਂ ਦੀ ਬਹਾਦਰੀ ਅਤੇ ਲੋਕਾਂ ਦੇ ਪਿਆਰ ਨਾਲ ਬਣੀ ਹੈ। ਸਾਡੇ ਦਰਵਾਜ਼ੇ ਅਤੇ ਦਿਲ ਹਮੇਸ਼ਾ ਮਹਿਮਾਨਾਂ ਲਈ ਖੁੱਲ੍ਹੇ ਹਨ ਅਤੇ ਇਸ ਇਤਿਹਾਸਕ ਧਰਤੀ 'ਤੇ ਵੱਖ-ਵੱਖ ਟੀਮਾਂ ਦਾ ਸਵਾਗਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।

ਟੂਰਨਾਮੈਂਟ ਲਈ ਪੁਖ਼ਤਾ ਪ੍ਰਬੰਧ ਕੀਤੇ: ਮੁੱਖ ਮੰਤਰੀ

ਮੁੱਖ ਮੰਤਰੀ ਨੇ ਕੌਮਾਂਤਰੀ ਖੇਡ ਮੁਕਾਬਲੇ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਟੂਰਨਾਮੈਂਟ ਨੂੰ ਸੁਚਾਰੂ, ਸੁਰੱਖਿਅਤ ਅਤੇ ਬਿਨਾਂ ਕਿਸੇ ਮੁਸ਼ਕਲ ਦੇ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਸਾਰੀਆਂ ਟੀਮਾਂ ਦੇ ਆਰਾਮਦਾਇਕ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਸਾਡੀ ਜ਼ਿੰਮੇਵਾਰੀ ਸਿਰਫ਼ ਵਿਸ਼ਵ ਪੱਧਰੀ ਖੇਡ ਮੁਕਾਬਲਾ ਕਰਵਾਉਣ ਤੱਕ ਸੀਮਤ ਨਹੀਂ ਹੈ, ਅਸੀਂ ਚਾਹੁੰਦੇ ਹਾਂ ਕਿ ਹਰ ਖਿਡਾਰੀ, ਅਧਿਕਾਰੀ ਅਤੇ ਸੈਲਾਨੀ ਪੰਜਾਬ ਤੋਂ ਅਜਿਹਾ ਵਿਸ਼ੇਸ਼ ਅਨੁਭਵ ਲੈ ਕੇ ਜਾਵੇ, ਜਿਸ ਨੂੰ ਉਹ ਸਾਰੀ ਉਮਰ ਯਾਦ ਰੱਖੇ।

ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ, ਸਰੀਰਕ ਤੰਦਰੁਸਤੀ ਅਤੇ ਅਨੁਸ਼ਾਸਨ ਅਪਣਾਉਣ ਲਈ ਪ੍ਰੇਰਿਤ ਕਰੇਗੀ। ਇਸ ਦੇ ਨਾਲ ਹੀ ਉੱਭਰਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲੇਗਾ। ਉਨ੍ਹਾਂ ਕਿਹਾ, "ਮੈਦਾਨ ਵਿੱਚ ਖਿਡਾਰੀ ਇੱਕ-ਦੂਜੇ ਦੇ ਵਿਰੁੱਧ ਮੁਕਾਬਲਾ ਕਰਦੇ ਹਨ, ਪਰ ਮੈਦਾਨ ਤੋਂ ਬਾਹਰ ਉਹ ਦੋਸਤੀ ਅਤੇ ਸਦਭਾਵਨਾ ਦੇ ਦੂਤ ਬਣ ਜਾਂਦੇ ਹਨ। ਮੈਂ ਸਾਰੀਆਂ ਟੀਮਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੇਡ ਭਾਵਨਾ ਦਾ ਸੱਚਾ ਪ੍ਰਦਰਸ਼ਨ ਕਰਨ ਅਤੇ ਇਸ ਚੈਂਪੀਅਨਸ਼ਿਪ ਨੂੰ ਖੇਡ ਪ੍ਰਤਿਭਾ, ਦੋਸਤੀ ਅਤੇ ਆਪਸੀ ਸਤਿਕਾਰ ਦੇ ਜਸ਼ਨ ਵਿੱਚ ਬਦਲਣ।"

ਖੇਡ ਸੈਰ-ਸਪਾਟੇ ਅਤੇ ਨੌਜਵਾਨਾਂ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ

CM ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਇਹ ਕੌਮਾਂਤਰੀ ਟੂਰਨਾਮੈਂਟ ਪੰਜਾਬ ਵਿੱਚ ਖੇਡ ਗਤੀਵਿਧੀਆਂ ਵਿੱਚ ਵਿਸ਼ਵ ਪੱਧਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਖੇਡ ਸੈਰ-ਸਪਾਟੇ ਅਤੇ ਨੌਜਵਾਨਾਂ ਦੇ ਵਿਕਾਸ ਲਈ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸੂਬੇ ਦੀ ਪ੍ਰਬੰਧਕੀ ਸਮਰੱਥਾ ਅਤੇ ਵੱਡੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦੀ ਯੋਗਤਾ ਨੂੰ ਵੀ ਦਰਸਾਏਗਾ।

ਮੁੱਖ ਮੰਤਰੀ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਪੰਜਾਬ ਵਿੱਚ ਉਨ੍ਹਾਂ ਦਾ ਠਹਿਰਾਅ ਯਾਦਗਾਰੀ ਤਜਰਬਿਆਂ, ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਸਥਾਈ ਦੋਸਤੀਆਂ ਨਾਲ ਭਰਪੂਰ ਰਹੇਗਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+