ਪਰਵਿੰਦਰ ਝੋਟਾ ਕਤਲ ਮਾਮਲਾ: 12 ਦਿਨਾਂ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ, ਪਿਤਾ ਨੇ ਕੀਤੀ ਮਾਨਸਾ SSP ਨੂੰ ਸਸਪੈਂਡ ਕਰਨ ਦੀ ਮੰਗ
ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਤੋਂ 12 ਦਿਨ ਬਾਅਦ ਵੀ ਉਨ੍ਹਾਂ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਝੋਟਾ ਦੇ ਪਰਿਵਾਰਕ ਮੈਂਬਰ ਅਤੇ ਐਕਸ਼ਨ ਕਮੇਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਅਸਤੀਫ਼ੇ ਦੀ ਮੰਗ 'ਤੇ ਅੜੇ ਹੋਏ ਹਨ।
ਝੋਟਾ ਦੇ ਪਿਤਾ ਭੀਮ ਸਿੰਘ ਨੇ ਹੁਣ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦੇ ਕੰਮਕਾਜ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਝੋਟਾ ਦੇ ਕਤਲ ਵਿੱਚ ਪੁਲਿਸ ਦੀ ਮਿਲੀਭੁਗਤ ਹੋਣ ਦਾ ਵੀ ਸ਼ੱਕ ਹੈ। ਇਸ ਲਈ ਐੱਸਐੱਸਪੀ ਨੂੰ ਤੁਰੰਤ ਮਾਨਸਾ ਤੋਂ ਟਰਾਂਸਫਰ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਅੱਤਲ ਕੀਤੇ ਗਏ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਥਾਣਾ ਸਿਟੀ-2 ਦੀ ਐੱਸਐੱਚਓ ਬੇਅੰਤ ਕੌਰ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਹੈ।

ਜਿਸ ਅਫ਼ਸਰ ਦੇ ਇਸ਼ਾਰੇ 'ਤੇ ਹੋਇਆ ਕਤਲ ਉਹ ਮੀਟਿੰਗ 'ਚ ਹੁੰਦਾ ਮੌਜੂਦ -ਭੀਮ ਸਿੰਘ
ਝੋਟਾ ਦੇ ਪਿਤਾ ਭੀਮ ਸਿੰਘ ਨੇ ਅੱਜ ਇੱਕ ਵੀਡੀਓ ਰਾਹੀਂ ਆਪਣੀ ਗੱਲ ਰੱਖਦਿਆਂ ਕਿਹਾ ਕਿ ਪ੍ਰਸ਼ਾਸਨ ਨਾਲ ਹੁੰਦੀ ਹਰ ਮੀਟਿੰਗ 'ਚ ਮੈਂ ਸ਼ਾਮਿਲ ਹੁੰਦਾ ਹਾਂ, ਪਰ ਜਿਸ ਅਫ਼ਸਰ ਦੇ ਇਸ਼ਾਰੇ 'ਤੇ ਕਤਲ ਹੋਇਆ ਉਹ ਉਸ ਮੀਟਿੰਗ 'ਚ ਸਾਡੇ ਸਾਹਮਣੇ ਬੈਠਾ ਹੁੰਦਾ , ਇਸ ਕਰਕੇ ਪਹਿਲਾਂ ਉਸ ਅਫ਼ਸਰ ਦਾ ਤਬਾਦਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ SSP ਨੂੰ ਵੀ ਸਸਪੈਂਡ ਕੀਤਾ ਜਾਵੇ ਅਤੇ CBI ਵੱਲੋਂ ਇਸਦੀ ਵੀ ਪੁੱਛਗਿੱਛ ਹੋਵੇ।
CBI ਵੱਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
ਇਸੇ ਦੌਰਾਨ ਪਰਵਿੰਦਰ ਝੋਟਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਸ਼ਨੀਵਾਰ ਸਵੇਰੇ ਹੀ ਮਾਨਸਾ ਦੇ ਕਈ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਉਨ੍ਹਾਂ ਦੇ ਸਟਾਕ ਸਬੰਧੀ ਜਾਂਚ ਕੀਤੀ ਗਈ।
ਸਰਕਾਰ ਨੇ 11 ਮੰਗਾਂ ਮੰਨਣ ਦਾ ਕੀਤਾ ਦਾਅਵਾ
ਪੰਜਾਬ ਸਰਕਾਰ ਵੱਲੋਂ ਬਣਾਈ ਗਈ ਤਿੰਨ ਮਹਿਲਾ ਆਈਏਐੱਸ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (SIT) ਵਿੱਚ ਸ਼ਾਮਲ ਆਈਏਐੱਸ ਅਧਿਕਾਰੀ ਅਪਨੀਤ ਰਿਆਤ ਮੁਤਾਬਕ, ਪਰਿਵਾਰ ਅਤੇ ਐਕਸ਼ਨ ਕਮੇਟੀ ਦੀਆਂ 11 ਮੰਗਾਂ ਮੰਨ ਲਈਆਂ ਗਈਆਂ ਹਨ। ਇਸ ਸਬੰਧੀ ਲਿਖਤੀ ਪੱਤਰ ਵੀ ਸੌਂਪਿਆ ਗਿਆ ਹੈ। ਹਾਲਾਂਕਿ, ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਮੰਗਾਂ ਮੰਨਣ ਦੇ ਭਰੋਸੇ ਦੇ ਬਾਵਜੂਦ ਉਨ੍ਹਾਂ ਨੂੰ ਲਾਗੂ ਕਰਨ ਲਈ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਅਤੇ ਡੀਜੀਪੀ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਸਰਕਾਰ ਨਾਲ ਹੋਣ ਵਾਲੀ ਗੱਲਬਾਤ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਦੀ।


Click it and Unblock the Notifications
