ਅੱਜ ਪੰਜਾਬ ਦੌਰੇ 'ਤੇ ਅਮਿਤ ਸ਼ਾਹ, ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲਣਗੇ, ਸ਼ਾਮ ਨੂੰ ਲੁਧਿਆਣਾ 'ਚ ਕਰਨਗੇ ਰਾਵਣ ਦਹਿਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਆ ਰਹੇ ਹਨ। ਆਪਣੇ ਦੌਰੇ ਦੌਰਾਨ ਉਹ ਸਭ ਤੋਂ ਪਹਿਲਾਂ ਮਾਨਸਾ ਵਿੱਚ ਨਸ਼ਿਆਂ ਦੇ ਵਿਰੋਧ ਕਾਰਨ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਘਰ ਜਾਣਗੇ। ਇੱਥੇ ਉਹ ਝੋਟਾ ਦੇ ਪਿਤਾ, ਪਤਨੀ ਅਤੇ ਪੁੱਤਰਾਂ ਨਾਲ ਮੁਲਾਕਾਤ ਕਰਨਗੇ।
ਹਾਲਾਂਕਿ, ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਵੱਲੋਂ ਅਮਿਤ ਸ਼ਾਹ ਦੇ ਦੌਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪਰ ਝੋਟਾ ਦੇ ਪਿਤਾ ਭੀਮ ਸਿੰਘ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਮਿਤ ਸ਼ਾਹ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਇਹ ਉਨ੍ਹਾਂ ਦੇ ਆਪਣੇ ਵਿਰੋਧ ਦੇ ਬਰਾਬਰ ਹੋਵੇਗਾ।

ਤਿੰਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਮਿਤ ਸ਼ਾਹ
ਮਾਨਸਾ ਤੋਂ ਬਾਅਦ ਅਮਿਤ ਸ਼ਾਹ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਹਲਕੇ ਦੇ ਪਿੰਡ ਤੂਰ ਬੰਜਾਰਾ ਜਾਣਗੇ। ਇੱਥੇ ਗੁਲਜ਼ਾਰ ਸਿੰਘ ਨੇ ਕਥਿਤ ਤੌਰ 'ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਪੁੱਛਣ ਤੋਂ ਬਾਅਦ ਕਥਿਤ ਦਬਾਅ ਅਤੇ ਪਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਸੀ।
ਇਸ ਤੋਂ ਬਾਅਦ ਗ੍ਰਹਿ ਮੰਤਰੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਜਾਣਗੇ। ਇੱਥੇ ਉਹ ਨਸ਼ਿਆਂ ਦਾ ਵਿਰੋਧ ਕਰਨ ਕਾਰਨ ਕਤਲ ਕੀਤੇ ਗਏ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।
ਪ੍ਰੋਗਰਾਮ ਅਨੁਸਾਰ ਉਹ ਦੁਪਹਿਰ 12 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਮਾੜੀ ਪੰਨੂਆਂ ਜਾਣਗੇ। ਉੱਥੇ ਦੁਪਹਿਰ 12.45 ਤੋਂ 1 ਵਜੇ ਤੱਕ ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨਗੇ।
ਲੁਧਿਆਣਾ ਵਿੱਚ ਦਸਹਿਰਾ ਸਮਾਰੋਹ 'ਚ ਸ਼ਿਰਕਤ
ਐਤਕੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਸਹਿਰੇ ਦਾ ਤਿਉਹਾਰ ਪੰਜਾਬ 'ਚ ਮਨਾਉਣਗੇ। ਦੌਰੇ ਦੇ ਆਖ਼ਰੀ ਪੜਾਅ ਵਿੱਚ ਅਮਿਤ ਸ਼ਾਹ ਸ਼ਾਮ 4.35 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹੁੰਚਣਗੇ। ਇੱਥੇ ਉਨ੍ਹਾਂ ਦਾ ਪ੍ਰੋਗਰਾਮ 4.55 ਵਜੇ ਤੱਕ ਰਾਖਵਾਂ ਹੈ। ਇਸ ਤੋਂ ਬਾਅਦ ਉਹ ਸ਼ਾਮ 5.05 ਵਜੇ ਦਰੇਸੀ ਰੋਡ ਸਥਿਤ ਰਾਮਲੀਲਾ ਮੈਦਾਨ ਪਹੁੰਚਣਗੇ ਅਤੇ 5.35 ਵਜੇ ਤੱਕ ਦਸਹਿਰਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਮਗਰੋਂ ਉਹ ਸੜਕੀ ਰਸਤੇ ਰਾਹੀਂ ਹਲਵਾਰਾ ਹਵਾਈ ਅੱਡੇ ਜਾਣਗੇ ਅਤੇ ਸ਼ਾਮ 6.10 ਵਜੇ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ।


Click it and Unblock the Notifications
