ਪ੍ਰਗਿਆਨ ਓਝਾ ਬਣੇ BCCI ਦੇ ਨਵੇਂ ਚੀਫ਼ ਸਿਲੈਕਟਰ, ਅਜੀਤ ਆਗਰਕਰ ਦੀ ਲੈਣਗੇ ਜਗ੍ਹਾ
ਭਾਰਤ ਦੇ ਸਾਬਕਾ ਕ੍ਰਿਕਟਰ ਪ੍ਰਗਿਆਨ ਓਝਾ ਨੂੰ ਅਜੀਤ ਅਗਰਕਰ ਦੀ ਜਗ੍ਹਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਨਵਾਂ ਚੀਫ਼ ਸਿਲੈਕਟਰ ਬਣਾਇਆ ਗਿਆ ਹੈ। ਉੱਥੇ ਹੀ, ਰਮੇਸ਼ ਪੋਵਾਰ ਨੂੰ ਸੀਨੀਅਰ ਸਿਲੈਕਸ਼ਨ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹੁਣ ਪੁਰਸ਼ ਕ੍ਰਿਕਟ ਟੀਮ ਦੀ ਨਵੀਂ ਚੋਣ ਕਮੇਟੀ ਵਿੱਚ ਪ੍ਰਗਿਆਨ ਓਝਾ (ਚੇਅਰਮੈਨ), ਸ਼ਿਵ ਸੁੰਦਰ ਦਾਸ, ਆਰ.ਪੀ. ਸਿੰਘ, ਅਜੇ ਰਾਤਰਾ ਅਤੇ ਰਮੇਸ਼ ਪਵਾਰ ਸ਼ਾਮਲ ਹਨ।
ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕਰੀਅਰ ਵਿੱਚ ਲਈਆਂ 140 ਤੋਂ ਵੱਧ ਵਿਕਟਾਂ
ਪ੍ਰਗਿਆਨ ਓਝਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ 24 ਟੈਸਟ, 18 ਵਨਡੇ ਅਤੇ 6 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਖੱਬੇ ਹੱਥ ਦੇ ਇਸ ਸਪਿਨਰ ਨੇ ਟੈਸਟ ਕ੍ਰਿਕਟ ਵਿੱਚ 113, ਵਨਡੇ ਵਿੱਚ 21 ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 10 ਵਿਕਟਾਂ ਹਾਸਲ ਕੀਤੀਆਂ। ਟੈਸਟ ਕ੍ਰਿਕਟ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 47 ਦੌੜਾਂ ਦੇ ਕੇ 6 ਵਿਕਟਾਂ ਰਿਹਾ।

IPLਦੇ 92 ਮੈਚਾਂ 'ਚ ਖੇਡੇ ਪ੍ਰਗਿਆਨ ਓਝਾ
ਪਹਿਲੇ ਦਰਜੇ ਦੇ ਕ੍ਰਿਕਟ ਵਿੱਚ ਪ੍ਰਗਿਆਨ ਓਝਾ ਦੇ ਨਾਮ 108 ਮੈਚਾਂ ਵਿੱਚ ਕੁੱਲ 424 ਵਿਕਟਾਂ ਦਰਜ ਹਨ। ਉਨ੍ਹਾਂ ਨੇ ਆਪਣਾ ਆਖ਼ਰੀ ਪਹਿਲੇ ਦਰਜੇ ਦਾ ਮੈਚ ਸਾਲ 2018 ਵਿੱਚ ਬਿਹਾਰ ਵੱਲੋਂ ਉੱਤਰਾਖੰਡ ਖ਼ਿਲਾਫ਼ ਖੇਡਿਆ ਸੀ। ਆਈਪੀਐੱਲ ਵਿੱਚ ਉਹ ਡੈਕਨ ਚਾਰਜਰਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਵੱਲੋਂ ਖੇਡੇ। ਉਨ੍ਹਾਂ ਨੇ ਆਈਪੀਐੱਲ ਵਿੱਚ ਕੁੱਲ 92 ਮੈਚ ਖੇਡਦਿਆਂ 89 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ, ਸਾਲ 2015 ਤੋਂ ਬਾਅਦ ਉਹ ਆਈਪੀਐੱਲ ਦੀ ਕਿਸੇ ਵੀ ਟੀਮ ਦਾ ਹਿੱਸਾ ਨਹੀਂ ਰਹੇ।
ਅਗਰਕਰ ਦੇ ਕਾਰਜਕਾਲ ਦੌਰਾਨ ਭਾਰਤ ਨੇ ਜਿੱਤੇ 3 ਆਈਸੀਸੀ ਖ਼ਿਤਾਬ
ਅਜੀਤ ਅਗਰਕਰ ਜੁਲਾਈ 2023 ਵਿੱਚ ਭਾਰਤੀ ਪੁਰਸ਼ ਕ੍ਰਿਕਟ ਟੀਮ ਦੀ ਚੋਣ ਕਮੇਟੀ ਦੇ ਚੇਅਰਮੈਨ ਬਣੇ ਸਨ। ਉਨ੍ਹਾਂ ਦਾ ਕਾਰਜਕਾਲ 4 ਅਕਤੂਬਰ 2026 ਨੂੰ ਖ਼ਤਮ ਹੋ ਗਿਆ। ਉਨ੍ਹਾਂ ਨੇ ਇਸ ਅਹੁਦੇ 'ਤੇ ਬਣੇ ਰਹਿਣ ਲਈ ਕਾਰਜਕਾਲ ਵਧਾਉਣ ਦੀ ਮੰਗ ਨਹੀਂ ਕੀਤੀ। ਅਗਰਕਰ ਦੇ ਕਾਰਜਕਾਲ ਦੌਰਾਨ ਭਾਰਤ ਨੇ 2024 ਅਤੇ 2026 ਦੇ ਟੀ-20 ਵਿਸ਼ਵ ਕੱਪਾਂ ਦੇ ਨਾਲ-ਨਾਲ 2025 ਦੀ ਚੈਂਪੀਅਨਜ਼ ਟਰਾਫ਼ੀ ਵੀ ਜਿੱਤੀ। ਇਸ ਤੋਂ ਇਲਾਵਾ, ਭਾਰਤੀ ਟੀਮ ਨੇ ਦੋ ਏਸ਼ੀਆ ਕੱਪ ਖ਼ਿਤਾਬ ਅਤੇ ਲਗਾਤਾਰ ਦੋ ਏਸ਼ਿਆਈ ਖੇਡਾਂ ਵਿੱਚ ਸੋਨ ਤਮਗੇ ਵੀ ਜਿੱਤੇ।
ਭਾਰਤੀ ਟੀਮ 2023 ਦੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਵੀ ਪਹੁੰਚੀ ਸੀ, ਪਰ ਉੱਥੇ ਉਸ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Click it and Unblock the Notifications
