'ਸਿਆਲ ਪੈਰਿਸ 2026'' ’ਚ ਪਹੁੰਚੇ CM ਮਾਨ, ਪੰਜਾਬੀ ਉਤਪਾਦਾਂ ਨੂੰ ਮਿਲੇਗੀ ਗਲੋਬਲ ਪਛਾਣ, ਮਾਰਕਫੈੱਡ ਦੇ 2 ਉਤਪਾਦ ਕੀਤੇ ਲਾਂਚ
ਦੁਨੀਆ ਦੀਆਂ ਪ੍ਰਮੁੱਖ ਕੌਮਾਂਤਰੀ ਖੁਰਾਕ ਅਤੇ ਪੀਣ ਵਾਲੇ ਪਦਾਰਥਾਂ ਦੀਆਂ ਪ੍ਰਦਰਸ਼ਨੀਆਂ ਵਿੱਚੋਂ ਇੱਕ 'ਸਿਆਲ ਪੈਰਿਸ 2026' (SIAL Paris 2026) ਦੌਰਾਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਰਕਫੈੱਡ ਦੇ ਪ੍ਰਮੁੱਖ 'ਸੋਹਣਾ' ਬ੍ਰਾਂਡ ਤਹਿਤ ਦੋ ਨਵੇਂ ਉਤਪਾਦ ਲਾਂਚ ਕੀਤੇ ਹਨ। ਇਨ੍ਹਾਂ ਵਿੱਚ ਡੱਬਾਬੰਦ ਨਮਕੀਨ ਪਾਣੀ ਵਿੱਚ ਸੁਰੱਖਿਅਤ ਕੀਤੇ ਚਿੱਟੇ ਛੋਲੇ (Chickpeas in Brine) ਅਤੇ ਰਾਜਮਾਂਹ (Red Kidney Beans in Brine) ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਪੈਰਿਸ ਪਹੁੰਚਿਆ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਇੰਡੀਆ ਪੈਵੇਲੀਅਨ ਦਾ ਦੌਰਾ ਕੀਤਾ ਅਤੇ ਮਾਰਕਫੈੱਡ ਦੇ ਪ੍ਰਦਰਸ਼ਨੀ ਸਟਾਲ ਦਾ ਉਦਘਾਟਨ ਕੀਤਾ। ਇਸ ਪ੍ਰਦਰਸ਼ਨੀ ਰਾਹੀਂ ਪੰਜਾਬ ਦੀ ਖੇਤੀਬਾੜੀ ਵਿਰਾਸਤ, ਫੂਡ ਪ੍ਰੋਸੈਸਿੰਗ ਸਮਰੱਥਾ ਅਤੇ ਉੱਚ ਗੁਣਵੱਤਾ ਵਾਲੇ ਤਿਆਰ ਖੁਰਾਕ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਦੁਨੀਆ ਭਰ ਦੇ ਲੋਕ ਮਾਣ ਸਕਣਗੇ ਪੰਜਾਬੀ ਉਤਪਾਦਾਂ ਦਾ ਸੁਆਦ: ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਸਹਿਕਾਰੀ ਸੰਸਥਾਵਾਂ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਿਆਲ ਪੈਰਿਸ ਵਿੱਚ ਮਾਰਕਫੈੱਡ ਦੇ ਸਟਾਲ ਦਾ ਉਦਘਾਟਨ ਕਰਕੇ 'ਸੋਹਣਾ' ਬ੍ਰਾਂਡ ਦੇ ਦੋ ਨਵੇਂ ਉਤਪਾਦ ਲਾਂਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਦੁਨੀਆ ਭਰ ਵਿੱਚ ਬੈਠੇ ਲੋਕ ਪੰਜਾਬ ਦੇ ਡੱਬਾਬੰਦ ਚਿੱਟੇ ਛੋਲਿਆਂ ਅਤੇ ਰਾਜਮਾਂਹ ਦਾ ਸੁਆਦ ਮਾਣ ਸਕਣਗੇ।
ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਦੇ ਸ਼ੁੱਧ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇ ਅਤੇ ਪੰਜਾਬੀ ਉਤਪਾਦਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਮਿਲੇ। 'ਸੋਹਣਾ' ਬ੍ਰਾਂਡ ਤਹਿਤ ਲਾਂਚ ਕੀਤੇ ਗਏ ਇਹ ਦੋ ਨਵੇਂ ਉਤਪਾਦ ਮਾਰਕਫੈੱਡ ਦੇ ਤਿਆਰ ਅਤੇ ਡੱਬਾਬੰਦ ਖੁਰਾਕ ਉਤਪਾਦਾਂ ਦੀ ਲੜੀ ਦਾ ਵਿਸਥਾਰ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦਾ ਅੰਨਦਾਤਾ ਰਿਹਾ ਹੈ ਅਤੇ ਹੁਣ ਸਰਕਾਰ ਦਾ ਟੀਚਾ ਇਸ ਨੂੰ ਗੁਣਵੱਤਾ ਵਾਲੇ ਖੁਰਾਕੀ ਉਤਪਾਦਾਂ ਅਤੇ ਆਧੁਨਿਕ ਨਿਰਮਾਣ ਦੇ ਵਿਸ਼ਵ ਪੱਧਰੀ ਕੇਂਦਰ ਵਜੋਂ ਸਥਾਪਿਤ ਕਰਨਾ ਹੈ। ਉਨ੍ਹਾਂ ਅਨੁਸਾਰ, ਪੰਜਾਬ ਦੇ ਕਿਸਾਨਾਂ, ਉੱਦਮੀਆਂ ਅਤੇ ਉਦਯੋਗਾਂ ਵਿੱਚ ਕੌਮਾਂਤਰੀ ਬਾਜ਼ਾਰਾਂ ਵਿੱਚ ਮੁਕਾਬਲਾ ਕਰਨ ਦੀ ਵੱਡੀ ਸਮਰੱਥਾ ਹੈ।
'ਪੰਜਾਬ ਮਾਰਟ' ਰਾਹੀਂ ਵਿਸ਼ਵ ਪੱਧਰ 'ਤੇ ਪੰਜਾਬੀ ਉਤਪਾਦਾਂ ਦੀ ਨੁਮਾਇਸ਼
ਸਿਆਲ ਪੈਰਿਸ 2026 ਵਿੱਚ ਪੰਜਾਬ ਦੇ ਖੇਤੀ ਅਤੇ ਖੁਰਾਕੀ ਉਤਪਾਦਾਂ ਨੂੰ 'ਪੰਜਾਬ ਮਾਰਟ' ਦੇ ਸਾਂਝੇ ਮੰਚ ਹੇਠ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਮਾਰਕਫੈੱਡ, ਮਿਲਕਫੈੱਡ ਦੇ 'ਵੇਰਕਾ' ਬ੍ਰਾਂਡ ਅਤੇ ਪੰਜਾਬ ਐਗਰੋ ਦੇ ਉਤਪਾਦ ਸ਼ਾਮਲ ਹਨ। ਇਸ ਸਾਂਝੀ ਪਹਿਲ ਦਾ ਉਦੇਸ਼ ਪੰਜਾਬ ਦੇ ਖੇਤੀ ਉਤਪਾਦਾਂ ਲਈ ਨਵੇਂ ਬਾਜ਼ਾਰ ਤਿਆਰ ਕਰਨਾ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਫੂਡ ਪ੍ਰੋਸੈਸਿੰਗ ਖੇਤਰ ਨੂੰ ਮਜ਼ਬੂਤ ਬਣਾਉਣਾ ਹੈ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਵਧੇਰੇ ਮੁੱਲ ਦਿਵਾਉਣ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਵਿਦੇਸ਼ੀ ਕੰਪਨੀਆਂ ਨਾਲ ਵਪਾਰਕ ਭਾਈਵਾਲੀ ਦੀਆਂ ਸੰਭਾਵਨਾਵਾਂ 'ਤੇ ਚਰਚਾ
ਪੰਜਾਬ ਦੇ ਵਫ਼ਦ ਨੇ ਫਰਾਂਸ ਵਿੱਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਪ੍ਰਮੁੱਖ ਫਰਾਂਸੀਸੀ ਅਤੇ ਕੌਮਾਂਤਰੀ ਖੁਰਾਕ ਤੇ ਪੀਣ ਵਾਲੇ ਪਦਾਰਥਾਂ ਦੀਆਂ ਕੰਪਨੀਆਂ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਦੇ ਖੇਤੀ ਅਤੇ ਪ੍ਰੋਸੈਸਡ ਖੁਰਾਕੀ ਉਤਪਾਦਾਂ ਲਈ ਨਵੇਂ ਬਾਜ਼ਾਰਾਂ ਦੀ ਪਛਾਣ, ਵਿਦੇਸ਼ੀ ਖਰੀਦਦਾਰਾਂ ਦੀਆਂ ਲੋੜਾਂ ਨੂੰ ਸਮਝਣ ਅਤੇ ਲੰਬੇ ਸਮੇਂ ਦੀਆਂ ਵਪਾਰਕ ਭਾਈਵਾਲੀਆਂ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਤੋਂ ਇਲਾਵਾ, ਫੂਡ ਪ੍ਰੋਸੈਸਿੰਗ ਤਕਨਾਲੋਜੀ, ਕੋਲਡ-ਚੇਨ ਸਹੂਲਤਾਂ, ਪੈਕਿੰਗ, ਲੌਜਿਸਟਿਕਸ ਅਤੇ ਕੌਮਾਂਤਰੀ ਵੰਡ ਪ੍ਰਣਾਲੀ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਗਈਆਂ।


Click it and Unblock the Notifications
