Tiger Shroff 'ਤੇ ਮੁੰਬਈ 'ਚ ਫ਼ਾਇਰਿੰਗ, ਲਾਰੈਂਸ ਗੈਂਗ ਦੇ ਨਾਂ ’ਤੇ ਧਮਕੀ ਭਰੀ ਪੋਸਟ ਵਾਇਰਲ
ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ 'ਤੇ ਐਤਵਾਰ ਸ਼ਾਮ ਮੁੰਬਈ ਵਿੱਚ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਇੱਕ ਬਾਈਕ 'ਤੇ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ 'ਤੇ ਪੰਜ ਰਾਊਂਡ ਫਾਇਰਿੰਗ ਕੀਤੀ। ਇਸ ਘਟਨਾ ਵਿੱਚ ਟਾਈਗਰ ਸ਼ਰੌਫ਼ ਸੁਰੱਖਿਅਤ ਦੱਸੇ ਜਾ ਰਹੇ ਹਨ, ਜਦਕਿ ਉਨ੍ਹਾਂ ਦੇ ਡਰਾਈਵਰ ਦੇ ਹੱਥ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਟਾਈਗਰ ਸ਼ਰੌਫ਼ ਫੁੱਟਬਾਲ ਖੇਡ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਜੁਹੂ ਦੇ ਪੁਸ਼ਪਾ ਪਾਰਕ ਨੇੜੇ ਉਨ੍ਹਾਂ ਦੀ ਕਾਰ ਰੁਕੀ। ਅਦਾਕਾਰ ਨੂੰ ਦੇਖਣ ਲਈ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਇਸੇ ਦੌਰਾਨ ਬਾਈਕ 'ਤੇ ਸਵਾਰ ਤਿੰਨ ਵਿਅਕਤੀ ਉੱਥੇ ਪਹੁੰਚੇ ਅਤੇ ਉਨ੍ਹਾਂ ਦੀ ਗੱਡੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੌਰਾਨ ਇੱਕ ਆਟੋ-ਰਿਕਸ਼ਾ ਚਾਲਕ ਦੇ ਵੀ ਗੋਲੀ ਲੱਗਣ ਦੀ ਗੱਲ ਸਾਹਮਣੇ ਆਈ ਹੈ।

ਲਾਰੈਂਸ ਗੈਂਗ ਦੇ ਨਾਂ 'ਤੇ ਪੋਸਟ ਵਾਇਰਲ, ਸਲਮਾਨ ਖ਼ਾਨ ਦਾ ਵੀ ਜ਼ਿਕਰ
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਾਰੈਂਸ ਗੈਂਗ ਦੇ ਨਾਂ 'ਤੇ ਅਨਿਲ ਪੰਡਿਤ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਪੋਸਟ ਵਿੱਚ ਕਥਿਤ ਤੌਰ 'ਤੇ ਕਿਹਾ ਗਿਆ ਹੈ ਕਿ ਟਾਈਗਰ ਸ਼ਰੌਫ਼ ਨੂੰ ਪਹਿਲਾਂ ਵੀ ਸਮਝਾਇਆ ਗਿਆ ਸੀ, ਪਰ ਉਹ ਨਹੀਂ ਸਮਝੇ। ਪੋਸਟ ਵਿੱਚ ਅੱਗੇ ਧਮਕੀ ਦਿੰਦਿਆਂ ਕਿਹਾ ਗਿਆ ਹੈ ਕਿ ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚ ਜਿਹੜਾ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੇਗਾ ਜਾਂ ਸਲਮਾਨ ਖ਼ਾਨ ਨਾਲ ਕੰਮ ਕਰੇਗਾ, ਉਸ ਨੂੰ ਵੀ ਇਸੇ ਤਰ੍ਹਾਂ ਦੇ ਨਤੀਜੇ ਭੁਗਤਣੇ ਪੈਣਗੇ।
ਮਹਾਰਾਸ਼ਟਰ ਦੇ ਡਿਪਟੀ ਸੀਐੱਮ ਏਕਨਾਥ ਸ਼ਿੰਦੇ ਨੇ ਲਈ ਘਟਨਾ ਦੀ ਜਾਣਕਾਰੀ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੁਲਿਸ ਨਾਲ ਗੱਲਬਾਤ ਕਰਕੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਹਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ, 15 ਟੀਮਾਂ ਦਾ ਗਠਨ
ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ। ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਬਾਈਕ ਦਾ ਨੰਬਰ ਪਤਾ ਲਗਾਉਣ ਲਈ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚਸ਼ਮਦੀਦਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਮੁੰਬਈ ਪੁਲਿਸ ਮੁਤਾਬਕ, ਹਮਲੇ ਵਿੱਚ ਟਾਈਗਰ ਸ਼ਰੌਫ਼ ਦੇ ਡਰਾਈਵਰ ਦੇ ਹੱਥ ਵਿੱਚ ਗੋਲੀ ਲੱਗੀ ਹੈ। ਹਾਲੇ ਤੱਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਪੁਲਿਸ ਨੇ 15 ਟੀਮਾਂ ਬਣਾਈਆਂ ਹਨ।


Click it and Unblock the Notifications
