Tiger Shroff 'ਤੇ ਫ਼ਾਇਰਿੰਗ ਕਰਨ ਵਾਲੇ ਪੁਲਿਸ ਗਿਰਫ਼ਤ ਵਿੱਚ, ਪਹਿਲਾਂ ਕੀਤੀ ਗਈ ਸੀ ਐਕਟਰ ਦੀ ਪੂਰੀ ਰੈਕੀ
ਅਦਾਕਾਰ ਟਾਈਗਰ ਸ਼ਰਾਫ ਦੀ ਕਾਰ 'ਤੇ ਫਾਇਰਿੰਗ ਦੇ ਮਾਮਲੇ ਵਿੱਚ ਕੋਟਾ ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚੋਂ ਦੋ ਹਰਿਆਣਾ ਅਤੇ ਇੱਕ ਬਿਹਾਰ ਦਾ ਰਹਿਣ ਵਾਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਦੋ ਨੇ ਫਾਇਰਿੰਗ ਕੀਤੀ ਸੀ। ਇਸ ਮਾਮਲੇ ਦੀ ਜਾਂਚ ਲਈ ਮੁੰਬਈ ਕ੍ਰਾਈਮ ਬ੍ਰਾਂਚ ਰਾਜਸਥਾਨ ਅਤੇ ਗੁਜਰਾਤ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਮੁਤਾਬਕ, ਫਾਇਰਿੰਗ ਤੋਂ ਬਾਅਦ ਮੁਲਜ਼ਮ ਐੱਸ.ਵੀ. ਰੋਡ ਤੋਂ ਵਾਈਲੇ ਪਾਰਲੇ ਅਤੇ ਅੰਧੇਰੀ ਹੁੰਦੇ ਹੋਏ ਫਰਾਰ ਹੋ ਗਏ। ਉਨ੍ਹਾਂ ਨੇ ਆਪਣੀ ਬਾਈਕ ਅੰਧੇਰੀ ਵੈਸਟ ਰੇਲਵੇ ਸਟੇਸ਼ਨ ਦੇ ਨੇੜੇ ਛੱਡ ਦਿੱਤੀ ਅਤੇ ਬੋਰੀਵਲੀ ਜਾਣ ਵਾਲੀ ਰੇਲਗੱਡੀ ਵਿੱਚ ਸਵਾਰ ਹੋ ਗਏ। ਪੁਲਿਸ ਨੇ ਬਾਈਕ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਹਮਲਾਵਰਾਂ ਨੇ ਟਾਈਗਰ ਸ਼ਰਾਫ ਦੀਆਂ ਗਤੀਵਿਧੀਆਂ ਦੀ ਕੀਤੀ ਸੀ ਰੇਕੀ
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਤੋਂ ਪਹਿਲਾਂ ਟਾਈਗਰ ਸ਼ਰਾਫ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਸੀ। ਪੁਲਿਸ ਸੂਤਰਾਂ ਮੁਤਾਬਕ, ਹਮਲਾਵਰਾਂ ਨੂੰ ਅਦਾਕਾਰ ਦੇ ਰੋਜ਼ਾਨਾ ਦੇ ਰੂਟੀਨ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਟਾਈਗਰ ਹਰ ਐਤਵਾਰ ਜੁਹੂ ਦੇ ਫੁੱਟਬਾਲ ਗਰਾਊਂਡ ਵਿੱਚ ਖੇਡਣ ਲਈ ਆਉਂਦੇ ਹਨ। ਹਮਲਾਵਰਾਂ ਨੇ ਉਸ ਸਮੇਂ ਹਮਲਾ ਕੀਤਾ, ਜਦੋਂ ਟਾਈਗਰ ਫੁੱਟਬਾਲ ਗਰਾਊਂਡ ਤੋਂ ਆਪਣੀ ਕਾਰ ਵੱਲ ਜਾ ਰਹੇ ਸਨ। ਪੁਲਿਸ ਹੁਣ ਇਸ ਸਾਜ਼ਿਸ਼ ਦੀਆਂ ਕੜੀਆਂ ਜੋੜਨ ਲਈ ਮੁੰਬਈ ਤੋਂ ਇਲਾਵਾ ਗੁਜਰਾਤ ਅਤੇ ਰਾਜਸਥਾਨ ਵਿੱਚ ਵੀ ਜਾਂਚ ਕਰ ਰਹੀ ਹੈ।
ਫਾਇਰਿੰਗ ਵਿੱਚ ਟਾਈਗਰ ਅਤੇ ਡਰਾਈਵਰ ਜ਼ਖ਼ਮੀ
ਪੁਲਿਸ ਮੁਤਾਬਕ, ਸ਼ਾਮ ਕਰੀਬ 7 ਵਜੇ ਤਿੰਨ ਵਿਅਕਤੀਆਂ ਨੇ ਟਾਈਗਰ ਸ਼ਰਾਫ ਦੀ ਕਾਰ 'ਤੇ ਫਾਇਰਿੰਗ ਕੀਤੀ ਸੀ। ਹਾਲਾਂਕਿ, ਟਾਈਗਰ ਨੂੰ ਗੋਲੀ ਨਹੀਂ ਲੱਗੀ, ਪਰ ਉਨ੍ਹਾਂ ਦੇ ਖੱਬੇ ਹੱਥ 'ਤੇ ਬਾਰੂਦ ਅਤੇ ਕੱਚ ਦੇ ਟੁਕੜਿਆਂ ਕਾਰਨ ਸੱਟ ਲੱਗੀ। ਇਸ ਘਟਨਾ ਵਿੱਚ ਉਨ੍ਹਾਂ ਦਾ ਡਰਾਈਵਰ ਵੀ ਜ਼ਖ਼ਮੀ ਹੋਇਆ। ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।
ਚਾਰ ਸਾਲਾਂ ਵਿੱਚ ਸਲਮਾਨ ਖ਼ਾਨ ਸਮੇਤ 8 ਅਦਾਕਾਰਾਂ ਅਤੇ ਗਾਇਕਾਂ 'ਤੇ ਹਮਲੇ
ਰਿਪੋਰਟ ਮੁਤਾਬਕ, ਪਿਛਲੇ ਚਾਰ ਸਾਲਾਂ ਦੌਰਾਨ ਸਲਮਾਨ ਖ਼ਾਨ ਸਮੇਤ ਅੱਠ ਅਦਾਕਾਰਾਂ ਅਤੇ ਗਾਇਕਾਂ 'ਤੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਟਾਈਗਰ ਸ਼ਰਾਫ ਦੀ ਕਾਰ 'ਤੇ ਫਾਇਰਿੰਗ ਦੇ ਮਾਮਲੇ ਵਿੱਚ ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਹਮਲੇ ਪਿੱਛੇ ਕੌਣ-ਕੌਣ ਸ਼ਾਮਲ ਸੀ ਅਤੇ ਇਸ ਦੀ ਯੋਜਨਾ ਕਿਵੇਂ ਬਣਾਈ ਗਈ ਸੀ।


Click it and Unblock the Notifications
