BJP ਨੇ ਰਾਮ ਮੰਦਿਰ ਦੇ ਸਿਰ 'ਤੇ ਹਾਸਲ ਕੀਤੀਆਂ ਵੋਟਾਂ, ਹੁਣ ਚੰਦ ਚੋਰੀ ਦੇ ਮੁਲਜ਼ਮਾਂ ਖਿਲਾਫ਼ ਕਰੇ ਸਖ਼ਤ ਕਾਰਵਾਈ-ਅਮਨ ਅਰੋੜਾ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਮਵਾਰ ਨੂੰ ਅਯੁੱਧਿਆ ਰਾਮ ਮੰਦਿਰ ਵਿੱਚ ਚੰਦਾ ਚੋਰੀ ਦੀਆਂ ਕਥਿਤ 105 ਘਟਨਾਵਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਪਾਏ ਜਾਣ ਵਾਲੇ ਸਾਰੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ੍ਰੀ ਰਾਮ ਮੰਦਰ ਨਾਲ ਜੁੜੀਆਂ ਧਾਰਮਿਕ ਭਾਵਨਾਵਾਂ ਦੇ ਆਧਾਰ 'ਤੇ ਸਿਆਸੀ ਤਾਕਤ ਹਾਸਲ ਕੀਤੀ ਹੈ, ਇਸ ਲਈ ਪਾਰਟੀ ਨੂੰ ਸ਼ਰਧਾਲੂਆਂ ਦੇ ਭਰੋਸੇ ਨੂੰ ਠੇਸ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਚਾਉਣਾ ਨਹੀਂ ਚਾਹੀਦਾ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਮਾਮਲੇ ਵਿੱਚ ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਬਾਰੇ ਵੀ ਸਵਾਲ ਖੜ੍ਹੇ ਹੋ ਰਹੇ ਹਨ, ਤਾਂ ਜਵਾਬਦੇਹੀ ਸਿਰਫ਼ ਹੇਠਲੇ ਪੱਧਰ ਦੇ ਕਰਮਚਾਰੀਆਂ ਤੱਕ ਹੀ ਕਿਉਂ ਸੀਮਤ ਰਹਿਣੀ ਚਾਹੀਦੀ ਹੈ।

'ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ'
ਅਮਨ ਅਰੋੜਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਮੰਗ ਸਪੱਸ਼ਟ ਹੈ ਕਿ ਮਾਮਲੇ ਦੀ ਪੂਰੀ ਜਾਂਚ ਹੋਵੇ, ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਹਰ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ, "ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ।" ਉਨ੍ਹਾਂ ਮੁਤਾਬਕ, ਸ਼ਰਧਾਲੂਆਂ ਦੀ ਮੰਗ ਇਨਸਾਫ਼, ਜਵਾਬਦੇਹੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਹੈ
ਸ਼ਰਧਾਲੂਆਂ ਦੇ ਪੈਸੇ ਦੀ ਦੁਰਵਰਤੋਂ ਵਿਸ਼ਵਾਸ ਨਾਲ ਧੋਖਾ: ਅਮਨ ਅਰੋੜਾ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਦੇਸ਼-ਵਿਦੇਸ਼ ਦੇ ਲੱਖਾਂ ਰਾਮ ਭਗਤਾਂ ਨੇ ਬਹੁਤ ਸ਼ਰਧਾ ਅਤੇ ਵਿਸ਼ਵਾਸ ਨਾਲ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਦੀ ਉਸਾਰੀ ਲਈ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਯੋਗਦਾਨ ਪਾਇਆ ਸੀ। ਜੇਕਰ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਪੈਸੇ ਦੀ ਦੁਰਵਰਤੋਂ ਹੋਈ ਹੈ, ਤਾਂ ਇਹ ਉਨ੍ਹਾਂ ਦੀ ਆਸਥਾ ਨਾਲ ਧੋਖਾ ਹੈ।
ਆਪ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਹ ਮੁੱਦਾ ਸਿਰਫ਼ ਇੱਕ ਸਿਆਸੀ ਪਾਰਟੀ ਦੇ ਆਗੂ ਵਜੋਂ ਨਹੀਂ, ਸਗੋਂ ਇੱਕ ਰਾਮ ਭਗਤ ਵਜੋਂ ਉਠਾ ਰਹੇ ਹਨ। ਇਸ ਦੌਰਾਨ ਅਮਨ ਅਰੋੜਾ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਚਿੱਠੀਆਂ ਦੇ ਬੰਡਲ ਦਿਖਾਉਂਦਿਆਂ ਕਿਹਾ ਕਿ ਇੱਕ ਲੱਖ ਤੋਂ ਵੱਧ ਰਾਮ ਭਗਤਾਂ ਨੇ ਆਪਣੀ ਮਰਜ਼ੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਇੰਨਸਾਫ਼ ਲਈ ਚਿੱਠੀਆਂ ਲਿਖੀਆਂ ਹਨ।
ਉਨ੍ਹਾਂ ਮੁਤਾਬਕ, ਇਹ ਚਿੱਠੀਆਂ ਪੰਜਾਬ ਦੇ ਲਗਭਗ 22,000 ਪੋਲਿੰਗ ਬੂਥਾਂ ਨਾਲ ਸਬੰਧਤ ਇਲਾਕਿਆਂ ਤੋਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਚਿੱਠੀਆਂ ਪ੍ਰਧਾਨ ਮੰਤਰੀ ਨੂੰ ਸੌਂਪੀਆਂ ਜਾਣਗੀਆਂ, ਤਾਂ ਜੋ ਸ਼ਰਧਾਲੂਆਂ ਦੀ ਸਾਂਝੀ ਆਵਾਜ਼ ਉਨ੍ਹਾਂ ਤੱਕ ਪਹੁੰਚ ਸਕੇ ਅਤੇ ਮਾਮਲੇ ਵਿੱਚ ਜਵਾਬਦੇਹੀ ਤੈਅ ਕੀਤੀ ਜਾ ਸਕੇ।
ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਵੇ: ਅਮਨ ਅਰੋੜਾ
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਚੋਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ, ਤਾਂ ਮੰਦਰ ਦੇ ਪ੍ਰਬੰਧ ਅਤੇ ਨਿਗਰਾਨੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਮਾਮਲੇ ਵਿੱਚ ਗੰਭੀਰ ਸਵਾਲ ਉੱਠ ਰਹੇ ਹਨ, ਤਾਂ ਜਾਂਚ ਸਿਰਫ਼ ਹੇਠਲੇ ਪੱਧਰ ਦੇ ਕਰਮਚਾਰੀਆਂ ਤੱਕ ਹੀ ਕਿਉਂ ਸੀਮਤ ਰਹੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਰੋੜਾਂ ਲੋਕਾਂ ਦੀ ਆਸਥਾ ਨਾਲ ਜੁੜੀ ਸੰਸਥਾ ਵਿੱਚ ਜੇਕਰ ਵਾਰ-ਵਾਰ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ, ਤਾਂ ਇਸ ਦੀ ਜ਼ਿੰਮੇਵਾਰੀ ਸਿਰਫ਼ ਕੁਝ ਜੂਨੀਅਰ ਕਰਮਚਾਰੀਆਂ 'ਤੇ ਨਹੀਂ ਪਾਈ ਜਾ ਸਕਦੀ।
ਦੋਸ਼ੀਆਂ ਨੂੰ ਸਿਆਸੀ ਪਹੁੰਚ ਦੇ ਆਧਾਰ 'ਤੇ ਛੋਟ ਨਾ ਮਿਲੇ
ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਰਾਮ ਮੰਦਰ ਦਾ ਮੁੱਦਾ ਭਾਜਪਾ ਦੇ ਮੁੱਖ ਸਿਆਸੀ ਵਾਅਦਿਆਂ ਵਿੱਚੋਂ ਇੱਕ ਰਿਹਾ ਹੈ। ਇਸ ਲਈ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਸ਼ਰਧਾਲੂਆਂ ਦੇ ਵਿਸ਼ਵਾਸ ਨੂੰ ਕਾਇਮ ਰੱਖੇ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਉਸ ਦੇ ਅਹੁਦੇ, ਸਿਆਸੀ ਸਬੰਧਾਂ ਜਾਂ ਪ੍ਰਭਾਵ ਦੀ ਪਰਵਾਹ ਕੀਤੇ ਬਿਨਾਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਰਾਮ ਭਗਤਾਂ ਦੀ ਆਸਥਾ ਦੀ ਰੱਖਿਆ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ, ਜਿੰਨਾ ਸਿਆਸੀ ਤੌਰ 'ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਜ਼ਿਕਰ ਕਰਨਾ।
ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਧਰਮ ਦੇ ਨਾਂ 'ਤੇ ਲੋਕਾਂ ਦਾ ਸਮਰਥਨ ਮੰਗਦੀਆਂ ਹਨ, ਉਨ੍ਹਾਂ ਨੂੰ ਆਪਣੇ ਸਮਰਥਕਾਂ ਦੇ ਭਰੋਸੇ 'ਤੇ ਖਰਾ ਉਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਸਥਾ ਨੂੰ ਸਿਆਸੀ ਲਾਭ ਦਾ ਸਾਧਨ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਲੋਕਾਂ ਦੇ ਜਾਇਜ਼ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ।


Click it and Unblock the Notifications
