ਪੰਜਾਬ ਪੁਲਿਸ ਦਾ ਕਾਂਸਟੇਬਲ 15 ਕਿਲੋ ਹੈਰੋਇਨ ਸਣੇ ਕਾਬੂ, ਡੇਢ ਮਹੀਨਾ ਪਹਿਲਾਂ ਹੀ ਐਂਟੀ ਡਰੋਨ ਟੀਮ 'ਚ ਹੋਈ ਸੀ ਤਾਇਨਾਤੀ
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਰਾਹੀਂ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਪੰਜਾਬ ਪੁਲਿਸ ਦੀ ਐਂਟੀ ਡਰੋਨ ਟੀਮ ਦਾ ਇੱਕ ਕਾਂਸਟੇਬਲ ਹੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫਸ ਗਿਆ ਹੈ। ਸੀਮਾ ਸੁਰੱਖਿਆ ਬਲ (BSF) ਨੇ ਉਸ ਨੂੰ 15 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 100 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਮੁਲਜ਼ਮ ਕੁਝ ਸਮਾਂ ਪਹਿਲਾਂ ਹੀ ਸਰਹੱਦੀ ਇਲਾਕੇ ਦੀ ਪੁਲਿਸ ਚੌਕੀ ਤੋਂ ਐਂਟੀ ਡਰੋਨ ਟੀਮ ਵਿੱਚ ਤਾਇਨਾਤ ਹੋਇਆ ਸੀ। BSF ਨੇ ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਹੈਰੋਇਨ ਦੀ ਖੇਪ ਕਿੱਥੇ ਪਹੁੰਚਾਉਣ ਜਾ ਰਿਹਾ ਸੀ। ਇਸ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਵੀ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

ਡੇਢ ਮਹੀਨਾ ਪਹਿਲਾਂ ਹੀ ਐਂਟੀ ਡਰੋਨ ਯੂਨਿਟ ਵਿੱਚ ਹੋਇਆ ਸੀ ਤਬਾਦਲਾ
BSF ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਕਰਨਬੀਰ ਸਿੰਘ, ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਭੂਸੇ ਦੇ ਰਹਿਣ ਵਾਲੇ ਨੰਬਰਦਾਰ ਦਾ ਪੁੱਤਰ ਹੈ। ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹੈ। ਕੁਝ ਸਮਾਂ ਪਹਿਲਾਂ ਤੱਕ ਉਹ ਥਾਣਾ ਭਿੱਖੀਵਿੰਡ ਅਧੀਨ ਆਉਂਦੀ ਪੁਲਿਸ ਚੌਕੀ ਸੁਰ ਸਿੰਘ ਵਿੱਚ ਮੁਨਸ਼ੀ ਵਜੋਂ ਕੰਮ ਕਰ ਰਿਹਾ ਸੀ। ਕਰੀਬ ਡੇਢ ਮਹੀਨਾ ਪਹਿਲਾਂ ਹੀ ਉਸ ਦਾ ਤਬਾਦਲਾ ਐਂਟੀ ਡਰੋਨ ਯੂਨਿਟ ਵਿੱਚ ਕੀਤਾ ਗਿਆ ਸੀ।
ਗੁਪਤ ਸੂਚਨਾ ਮਿਲਣ 'ਤੇ BSF ਨੇ ਚੈੱਕਪੋਸਟ 'ਤੇ ਵਧਾਈ ਚੌਕਸੀ
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ BSF ਦੀ 115ਵੀਂ ਬਟਾਲੀਅਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਈ ਗਈ ਹੈ ਅਤੇ ਇਸ ਨੂੰ ਅੱਗੇ ਸਵਿਫਟ ਕਾਰ ਰਾਹੀਂ ਟਿਕਾਣੇ 'ਤੇ ਪਹੁੰਚਾਇਆ ਜਾ ਰਿਹਾ ਹੈ। ਸੂਚਨਾ ਮਿਲਣ ਤੋਂ ਬਾਅਦ BSF ਦੇ ਜਵਾਨਾਂ ਨੇ ਸਰਹੱਦੀ ਇਲਾਕੇ ਦੀ ਚੈੱਕਪੋਸਟ 'ਤੇ ਚੌਕਸੀ ਵਧਾ ਦਿੱਤੀ। ਇਸ ਦੌਰਾਨ ਉੱਥੋਂ ਇੱਕ ਸਵਿਫਟ ਕਾਰ ਲੰਘੀ, ਜਿਸ ਨੂੰ ਜਵਾਨਾਂ ਨੇ ਰੋਕ ਕੇ ਤਲਾਸ਼ੀ ਲਈ। ਕਾਰ ਵਿੱਚੋਂ ਪਲਾਸਟਿਕ ਦੇ ਬੈਗ ਵਿੱਚ ਰੱਖੀ ਹੈਰੋਇਨ ਬਰਾਮਦ ਹੋਈ।
ਇੱਕ-ਇੱਕ ਕਿਲੋ ਦੇ ਪੈਕੇਟਾਂ ਵਿੱਚ ਪੈਕ ਸੀ ਹੈਰੋਇਨ
BSF ਨੇ ਤੁਰੰਤ ਕਾਰਵਾਈ ਕਰਦਿਆਂ ਕਰਨਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਪਲਾਸਟਿਕ ਦਾ ਬੈਗ ਖੋਲ੍ਹਣ 'ਤੇ ਉਸ ਵਿੱਚ ਹੈਰੋਇਨ ਦੇ ਪੈਕੇਟ ਮਿਲੇ। ਹਰ ਪੈਕੇਟ ਦਾ ਭਾਰ ਕਰੀਬ ਇੱਕ ਕਿਲੋ ਸੀ ਅਤੇ ਕੁੱਲ 15 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ। ਆਪਣੀ ਕਾਰਵਾਈ ਪੂਰੀ ਕਰਨ ਤੋਂ ਬਾਅਦ BSF ਨੇ ਕਰਨਬੀਰ ਸਿੰਘ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ।
ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਹੈਰੋਇਨ ਦੀ ਇਹ ਖੇਪ ਕਿੱਥੋਂ ਆਈ ਸੀ, ਇਸ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ ਅਤੇ ਇਸ ਤਸਕਰੀ ਦੇ ਪਿੱਛੇ ਹੋਰ ਕੌਣ-ਕੌਣ ਸ਼ਾਮਲ ਹੈ।


Click it and Unblock the Notifications
