ਚੀਨ ਨੇ ਭਾਰਤ ਨੂੰ ਫਿਰ ਦਿਖਾਈ ਅੱਖ; ਲੱਦਾਖ ਦੀਆਂ 28 ਥਾਵਾਂ 'ਤੇ ਚੀਨ ਨੇ ਜਤਾਇਆ ਹੱਕ, ਭਾਰਤ ਨੇ ਵੀ ਦਿੱਤਾ ਠੋਕਵਾਂ ਜਵਾਬ
ਚੀਨ ਨੇ ਲੱਦਾਖ ਦੀਆਂ 28 ਥਾਵਾਂ 'ਤੇ ਆਪਣਾ ਹੱਕ ਜਤਾਇਆ ਹੈ। ਚੀਨ ਨੇ ਮੰਗਲਵਾਰ ਨੂੰ ਇਨ੍ਹਾਂ ਥਾਵਾਂ ਦੇ ਨਾਮ ਤੈਅ ਕਰਨ ਦੇ ਭਾਰਤ ਦੇ ਫ਼ੈਸਲੇ 'ਤੇ ਵੀ ਇਤਰਾਜ਼ ਜਤਾਇਆ। ਚੀਨ ਨੇ ਕਿਹਾ ਕਿ ਇਹ ਇਲਾਕੇ ਉਸ ਦੇ ਹਨ ਅਤੇ ਭਾਰਤ ਵੱਲੋਂ ਇਨ੍ਹਾਂ ਦੇ ਨਾਮ ਬਦਲਣ ਜਾਂ ਨਵੇਂ ਨਾਮ ਰੱਖਣ ਨਾਲ ਜ਼ਮੀਨ 'ਤੇ ਮਾਲਕੀ ਦਾ ਹੱਕ ਨਹੀਂ ਬਦਲੇਗਾ।
ਦੱਸ ਦਈਏ ਕਿ ਭਾਰਤ ਨੇ 2 ਅਕਤੂਬਰ ਨੂੰ ਇਨ੍ਹਾਂ ਥਾਵਾਂ ਦੇ ਨਾਮ ਅਧਿਕਾਰਤ ਤੌਰ 'ਤੇ ਤੈਅ ਕੀਤੇ ਸਨ। ਇਨ੍ਹਾਂ ਵਿੱਚ ਗੋਗਰਾ ਅਤੇ ਹੌਟ ਸਪ੍ਰਿੰਗਜ਼ ਵਰਗੇ ਇਲਾਕੇ ਵੀ ਸ਼ਾਮਲ ਹਨ, ਜਿੱਥੇ ਸਾਲ 2020 ਵਿੱਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਤਣਾਅ ਪੈਦਾ ਹੋਇਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਓ ਨਿੰਗ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਲੱਦਾਖ ਨੂੰ ਭਾਰਤ ਵੱਲੋਂ ਬਣਾਏ ਗਏ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਮਾਨਤਾ ਨਹੀਂ ਦਿੰਦਾ।

ਚੀਨ ਨੇ ਭਾਰਤ ਦੇ ਇਸ ਕਦਮ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਕਿਹਾ ਕਿ ਸਰਹੱਦ ਦੇ ਪੱਛਮੀ ਹਿੱਸੇ ਵਿੱਚ ਸਥਿਤ ਇਹ ਇਲਾਕੇ ਉਸ ਦੇ ਹਨ। ਮਾਓ ਨਿੰਗ ਮੁਤਾਬਕ, ਭਾਰਤ ਦੇ ਇਸ ਫ਼ੈਸਲੇ ਨਾਲ ਸਰਹੱਦ ਦੇ ਪੱਛਮੀ ਹਿੱਸੇ ਵਿੱਚ ਉਨ੍ਹਾਂ ਇਲਾਕਿਆਂ 'ਤੇ ਚੀਨ ਦਾ ਦਾਅਵਾ ਨਹੀਂ ਬਦਲ ਸਕਦਾ, ਜਿਨ੍ਹਾਂ ਨੂੰ ਉਹ ਆਪਣਾ ਖੇਤਰ ਮੰਨਦਾ ਹੈ।
ਭਾਰਤ ਨੇ ਕਿਹਾ-ਲੱਦਾਖ ਸਾਡਾ ਹਿੱਸਾ, ਇਨਕਾਰ ਕਰਨ ਨਾਲ ਹਕੀਕਤ ਨਹੀਂ ਬਦਲੇਗੀ
ਚੀਨ ਦੇ ਇਤਰਾਜ਼ 'ਤੇ ਭਾਰਤ ਨੇ ਵੀ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਲੱਦਾਖ ਭਾਰਤ ਦਾ ਹਿੱਸਾ ਹੈ ਅਤੇ ਚੀਨ ਵੱਲੋਂ ਇਸ ਤੋਂ ਇਨਕਾਰ ਕਰਨ ਨਾਲ ਹਕੀਕਤ ਨਹੀਂ ਬਦਲੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਨ੍ਹਾਂ ਥਾਵਾਂ ਦੇ ਨਾਮ ਸਰਵੇ ਆਫ਼ ਇੰਡੀਆ ਦੇ ਅਧਿਕਾਰਤ ਨਕਸ਼ੇ ਵਿੱਚ ਦਰਜ ਕੀਤੇ ਗਏ ਹਨ। ਇਹ ਕੰਮ ਲੱਦਾਖ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੀਤਾ ਗਿਆ ਹੈ।
ਜੈਸਵਾਲ ਨੇ ਕਿਹਾ ਕਿ ਇਨ੍ਹਾਂ ਥਾਵਾਂ ਦੇ ਨਾਮ ਨਕਸ਼ੇ ਵਿੱਚ ਦਰਜ ਕਰਨ ਦਾ ਮਕਸਦ ਉਨ੍ਹਾਂ ਦੀ ਸਹੀ ਪਛਾਣ ਕਰਨਾ ਅਤੇ ਲੋਕਾਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਦੇਣਾ ਹੈ। ਭਾਰਤ ਦੇ ਗ੍ਰਹਿ ਮੰਤਰਾਲੇ ਨੇ 2 ਅਕਤੂਬਰ ਨੂੰ ਲੱਦਾਖ ਦੀਆਂ 28 ਥਾਵਾਂ ਅਤੇ ਇਲਾਕਿਆਂ ਦੇ ਨਾਮ ਅਧਿਕਾਰਤ ਤੌਰ 'ਤੇ ਤੈਅ ਕੀਤੇ ਸਨ। ਇਸ ਫ਼ੈਸਲੇ ਨੂੰ ਸਾਲ 2023 ਵਿੱਚ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਨਾਮ ਬਦਲਣ ਦੇ ਜਵਾਬ ਵਜੋਂ ਵੀ ਦੇਖਿਆ ਜਾ ਰਿਹਾ ਹੈ। ਚੀਨ ਲੰਬੇ ਸਮੇਂ ਤੋਂ ਅਰੁਣਾਚਲ ਪ੍ਰਦੇਸ਼ ਨੂੰ 'ਜ਼ਾਂਗਨਾਨ' ਯਾਨੀ ਦੱਖਣੀ ਤਿੱਬਤ ਕਹਿੰਦਾ ਆ ਰਿਹਾ ਹੈ।
ਭਾਰਤ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਅਟੁੱਟ ਹਿੱਸਾ ਮੰਨਦਾ ਹੈ ਅਤੇ ਚੀਨ ਦੇ ਖੇਤਰੀ ਦਾਅਵਿਆਂ ਨੂੰ ਰੱਦ ਕਰਦਾ ਰਿਹਾ ਹੈ। ਇਸ ਤਰ੍ਹਾਂ ਲੱਦਾਖ ਦੀਆਂ ਥਾਵਾਂ ਦੇ ਨਾਮਕਰਨ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਇੱਕ ਵਾਰ ਫਿਰ ਸਾਹਮਣੇ ਆਇਆ ਹੈ।


Click it and Unblock the Notifications
