ਬਲੂਮਬਰਗ ਨਿਊ ਇਕਾਨਮੀ ਫੋਰਮ ਵਿੱਚ PM ਮੋਦੀ ਦਾ ਭਾਸ਼ਣ, ਕਿਹਾ - ਪੂਰੀ ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸਸਤੀਆਂ ਦਵਾਈਆਂ ਤੋਂ ਲੈ ਕੇ ਪ੍ਰਤਿਭਾ ਤੱਕ, ਦੁਨੀਆ ਭਾਰਤ 'ਤੇ ਭਰੋਸਾ ਕਰਦੀ ਹੈ। ਭਾਰਤ ਨੇ ਦੁਨੀਆ ਨੂੰ ਸਿਫ਼ਰ (ਜ਼ੀਰੋ) ਦਿੱਤਾ, ਪਰ ਇਸ ਦੇ ਬਦਲੇ ਕਦੇ ਵੀ ਸਿਹਰਾ ਜਾਂ ਰਾਇਲਟੀ ਨਹੀਂ ਮੰਗੀ।
ਦਿੱਲੀ ਵਿੱਚ ਪਹਿਲੀ ਵਾਰ ਕਰਵਾਏ ਜਾ ਰਹੇ ਬਲੂਮਬਰਗ ਨਿਊ ਇਕਾਨਮੀ ਫੋਰਮ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 25 ਮਿੰਟ ਦਾ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਤਾਕਤ ਦੂਜਿਆਂ ਨੂੰ ਸਮਰੱਥ ਬਣਾਉਣ ਵਿੱਚ ਹੈ। ਉਨ੍ਹਾਂ ਨੇ ਡਿਜੀਟਲ ਤਕਨਾਲੋਜੀ, ਵੈਕਸੀਨ ਦੀ ਸਪਲਾਈ, ਆਰਥਿਕ ਸੁਧਾਰਾਂ ਅਤੇ ਵਿਸ਼ਵਵਿਆਪੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਾਰਤ ਦੀ ਭੂਮਿਕਾ ਦਾ ਜ਼ਿਕਰ ਕੀਤਾ।

ਤਿੰਨ ਦਿਨਾਂ ਦਾ ਇਹ ਪ੍ਰੋਗਰਾਮ 15 ਅਕਤੂਬਰ ਨੂੰ ਸਮਾਪਤ ਹੋਵੇਗਾ। ਇਸ ਸਾਲ ਫੋਰਮ ਦਾ ਵਿਸ਼ਾ 'ਬਦਲਦੀ ਦੁਨੀਆ ਵਿੱਚ ਤਾਕਤ ਦੇ ਨਵੇਂ ਸਰੋਤ ਤੈਅ ਕਰਨਾ' ਹੈ। ਇਸ ਮੌਕੇ ਆਪਣੇ ਭਾਸ਼ਣ ਦੌਰਾਨ PM ਮੋਦੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਭਾਰਤ ਨੇ 100 ਤੋਂ ਵੱਧ ਦੇਸ਼ਾਂ ਤੱਕ ਵੈਕਸੀਨ ਪਹੁੰਚਾਈ ਸੀ। ਭਾਰਤ ਆਪਣੀਆਂ ਸਮਰੱਥਾਵਾਂ ਦੀ ਵਰਤੋਂ ਪੂਰੀ ਮਨੁੱਖਤਾ ਦੇ ਫ਼ਾਇਦੇ ਲਈ ਕਰਨਾ ਚਾਹੁੰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੇ ਨਾਲ-ਨਾਲ ਸਪਲਾਈ ਚੇਨ, ਊਰਜਾ, ਖਣਿਜ ਅਤੇ ਤਕਨਾਲੋਜੀ ਵੀ ਦੇਸ਼ਾਂ ਵਿਚਾਲੇ ਦਬਾਅ ਬਣਾਉਣ ਦੇ ਸਾਧਨ ਬਣ ਰਹੇ ਹਨ। ਅਜਿਹੇ ਹਾਲਾਤ ਵਿੱਚ ਦੁਨੀਆ ਨੂੰ ਭਰੋਸੇਯੋਗ ਭਾਈਵਾਲਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਲੋਕਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਨੇ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਟਾਰਟਅੱਪ ਸ਼ੁਰੂ ਕਰਨ ਦੇ ਮੌਕੇ ਹੁਣ ਛੋਟੇ ਸ਼ਹਿਰਾਂ ਤੱਕ ਪਹੁੰਚ ਗਏ ਹਨ।
ਭਾਰਤ ਦੀ GDP ਵਿਕਾਸ ਦਰ 7.8% ਰਹੀ
ਆਰਥਿਕ ਸੁਧਾਰਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਦੀ GDP ਵਿਕਾਸ ਦਰ 7.8 ਫ਼ੀਸਦੀ ਰਹੀ ਹੈ ਅਤੇ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 700 ਅਰਬ ਡਾਲਰ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਕਰਨਾ ਆਸਾਨ ਬਣਾਉਣਾ ਅਤੇ ਲਗਾਤਾਰ ਸੁਧਾਰ ਕਰਨਾ ਸਰਕਾਰ ਦੀ ਵਚਨਬੱਧਤਾ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਘਟਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਪੈਸਾ ਸਿੱਧਾ ਲੋਕਾਂ ਦੇ ਖਾਤਿਆਂ ਤੱਕ ਪਹੁੰਚ ਰਿਹਾ ਹੈ ਅਤੇ ਸਰਕਾਰੀ ਕੰਮਕਾਜ ਵਿੱਚ ਪਾਰਦਰਸ਼ਤਾ ਵਧੀ ਹੈ।


Click it and Unblock the Notifications
