ਵੱਡੀ ਖ਼ਬਰ: ਮਾਨਸਾ ਵਿੱਚ ਪਰਵਿੰਦਰ ਝੋਟਾ ਦਾ ਗੋਲੀ ਮਾਰ ਕੇ ਕਤਲ, ਮੈਡੀਕਲ ਸਟੋਰ ਮਾਲਕ ਨੇ ਬਹਿਸ ਤੋਂ ਬਾਅਦ ਚਲਾਈ ਗੋਲੀਆਂ
ਪੰਜਾਬ ਵਿੱਚ ਅੱਜ ਸਵੇਰੇ ਕਤਲ ਦੀ ਇੱਕ ਵੱਡੀ ਵਾਰਦਾਤ ਵਾਪਰੀ ਹੈ। ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇੱਕ ਮੈਡੀਕਲ ਸਟੋਰ ਦੇ ਮਾਲਕ ਨਾਲ ਉਸਦੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਨੇ ਪਰਵਿੰਦਰ ਝੋਟਾ 'ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ।
ਜਿਸ ਵਕਤ ਇਹ ਕਤਲ ਹੋਇਆ ਉਸ ਵਕਤ ਪਰਵਿੰਦਰ ਝੋਟਾ ਵੀਡੀਓ ਬਣਾ ਰਿਹਾ ਸੀ , ਉਸੀ ਦੌਰਾਨ ਮੈਡੀਕਲ ਸਟੋਰ ਦੇ ਮਾਲਕ ਨੇ ਬਹਿਸ ਦੌਰਾਨ ਆਪਣਾ ਪਿਸਤੌਲ ਕੱਢ ਕੇ ਝੋਟੇ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਹ ਗੋਲੀਆਂ ਇੰਨੇ ਕਰੀਬੋਂ ਮਾਰੀਆਂ ਗਈਆਂ ਕਿ ਉਹ 'ਝੋਟਾ' ਦੇ ਸਰੀਰ ਦੇ ਆਰ-ਪਾਰ ਹੋ ਗਈਆਂ।

ਪਰਵਿੰਦਰ ਸਿੰਘ ਝੋਟਾ ਮਾਨਸਾ ਵਿੱਚ ਲੰਬੇ ਸਮੇਂ ਤੋਂ ਨਸ਼ੇ ਦਾ ਵਿਰੋਧ ਕਰ ਰਹੇ ਸਨ। ਉਹ ਨਾ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਵੀ ਹੋ ਚੁੱਕਾ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਕਈ ਪੰਚਾਇਤਾਂ ਨੇ ਨਸ਼ੇ ਦੇ ਖ਼ਿਲਾਫ਼ ਮਤੇ ਤੱਕ ਪਾਸ ਕੀਤੇ ਸਨ।
ਨਸ਼ਾ ਵੇਚਣ ਦੇ ਮਾਮਲੇ ਨੂੰ ਲੈ ਕੇ ਹੋਇਆ ਵਿਵਾਦ
ਮੁੱਢਲੀ ਜਾਣਕਾਰੀ ਮੁਤਾਬਕ, ਪਰਵਿੰਦਰ ਸਿੰਘ ਝੋਟਾ ਇੱਕ ਮੈਡੀਕਲ ਸਟੋਰ 'ਤੇ ਪਹੁੰਚੇ ਸਨ। ਉੱਥੇ ਉਨ੍ਹਾਂ ਨੇ ਦੁਕਾਨਦਾਰ ਤੋਂ ਪੁੱਛਿਆ ਕਿ ਸਵੇਰੇ ਇੱਥੋਂ ਨਸ਼ਾ ਕਿਸ ਨੇ ਖਰੀਦਿਆ ਅਤੇ ਕਿਸ ਨੇ ਵੇਚਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਦੋਸ਼ ਹੈ ਕਿ ਇਸ ਤੋਂ ਬਾਅਦ ਦੁਕਾਨਦਾਰ ਨੇ ਝੋਟਾ 'ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨਦਾਰ ਮੈਡੀਕਲ ਸਟੋਰ ਬੰਦ ਕਰਕੇ ਫ਼ਰਾਰ ਹੋ ਗਿਆ।
ਫੇਸਬੁੱਕ ਲਾਈਵ ਦੌਰਾਨ ਵਾਪਰੀ ਘਟਨਾ
ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ 'ਤੇ ਗਏ ਸਨ, ਉਸ ਵੇਲੇ ਉਹ ਫੇਸਬੁੱਕ 'ਤੇ ਲਾਈਵ ਸਨ। ਉਹ ਦੁਕਾਨਦਾਰ ਨੂੰ ਪਿਸਤੌਲ ਕੱਢਣ ਬਾਰੇ ਵੀ ਕਹਿੰਦੇ ਹਨ ਅਤੇ ਫਿਰ ਪੁੱਛਦੇ ਹਨ ਕਿ -ਕੀ ਉਸ ਨੇ ਬਜ਼ੁਰਗ ਨੂੰ ਨਸ਼ਾ ਵੇਚਿਆ ਹੈ। ਦੁਕਾਨਦਾਰ ਇਸ ਗੱਲ ਤੋਂ ਇਨਕਾਰ ਕਰਦਾ ਹੈ। ਇਸ ਤੋਂ ਬਾਅਦ ਝੋਟਾ ਦੁਕਾਨਦਾਰ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਦਿਖਾਉਣ ਲਈ ਕਹਿੰਦੇ ਹਨ।
ਕਰੀਬ ਸਵਾ ਚਾਰ ਮਿੰਟ ਤੱਕ ਚੱਲੀ ਬਹਿਸ ਤੋਂ ਬਾਅਦ ਵੀਡੀਓ ਵਿੱਚ ਦੁਕਾਨਦਾਰ ਵੱਲੋਂ ਝੋਟਾ 'ਤੇ ਗੋਲੀ ਚਲਾਉਂਦੇ ਦਿਖਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਕੁਝ ਦੇਰ ਬਾਅਦ ਮੋਬਾਈਲ ਫ਼ੋਨ ਹੇਠਾਂ ਡਿੱਗ ਜਾਂਦਾ ਹੈ ਅਤੇ ਵੀਡੀਓ ਵਿੱਚ ਅੱਗੇ ਦੀ ਘਟਨਾ ਸਾਫ਼ ਦਿਖਾਈ ਨਹੀਂ ਦਿੰਦੀ।
ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਅਤੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ਨੇ ਮਾਨਸਾ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਅਤੇ ਝੋਟਾ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਣ ਹੋ ਗਿਆ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ।
ਮਾਂ ਨੂੰ ਰੋਟੀ ਬਣਾ ਕੇ ਰੱਖਣ ਲਈ ਕਹਿ ਕੇ ਘਰੋਂ ਨਿਕਲਿਆ ਸੀ 'ਝੋਟਾ'
ਪਰਵਿੰਦਰ ਸਿੰਘ ਝੋਟਾ ਦੀ ਮਾਂ ਦਾ ਆਪਣੇ ਬੇਟੇ ਨੂੰ ਖੋਹਣ ਤੋਂ ਬਾਅਦ ਰੋ ਰੋ ਬੁਰਾ ਹਾਲ ਹੈ। ਉਸਦੀ ਮਾਂ ਨੇ ਆਪਣੇ ਪੁੱਤਰ ਨਾਲ ਹੋਈ ਆਖ਼ਰੀ ਗੱਲਬਾਤ ਨੂੰ ਯਾਦ ਕਰਦਿਆਂ ਕਿਹਾ ਕਿ ਘਰੋਂ ਨਿਕਲਣ ਤੋਂ ਪਹਿਲਾਂ ਪਰਮਿੰਦਰ ਨੇ ਕਿਹਾ ਸੀ, "ਮਾਂ, ਮੇਰੀ ਰੋਟੀ ਬਣਾ ਕੇ ਰੱਖੀਂ, ਮੈਂ ਵਾਪਸ ਆ ਕੇ ਖਾਵਾਂਗਾ।" ਉਸਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦੀ ਆਖ਼ਰੀ ਗੱਲਬਾਤ ਹੋਵੇਗੀ।
ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਦੂਜੇ ਪਾਸੇ, ਪਰਵਿੰਦਰ ਸਿੰਘ ਝੋਟਾ ਦੇ ਸਮਰਥਕ ਉਨ੍ਹਾਂ ਦੇ ਘਰ ਇਕੱਠੇ ਹੋਣ ਲੱਗ ਪਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਮਾਮਲੇ ਸਬੰਧੀ ਪੁਲਿਸ ਦੀ ਜਾਂਚ ਅਤੇ ਅਗਲੀ ਕਾਰਵਾਈ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।


Click it and Unblock the Notifications
