ਦਿੱਲੀ 'ਚ AAP ਕੰਨਵੀਨਰ ਕੇਜਰੀਵਾਲ ਸਣੇ ਕਈ ਆਗੂ ਹਿਰਾਸਤ 'ਚ, AAP ਦਾ ਪਾਰਟੀ ਦਫ਼ਤਰ ਵੀ ਕੀਤਾ ਗਿਆ ਸੀਲ
ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਪੁਲਿਸ ਕਾਰਵਾਈ ਕੀਤੇ ਜਾਣ ਦੇ ਦੋਸ਼ਾਂ ਵਿਚਾਲੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਸ਼ਨੀਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਆਗੂ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਜੰਤਰ-ਮੰਤਰ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੇ ਸਨ।
ਦਿੱਲੀ ਪੁਲਿਸ ਨੇ AAP ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ। ਕੇਜਰੀਵਾਲ ਨੇ ਸ਼ਨੀਵਾਰ ਨੂੰ ਆਪਣੇ ਪਰਿਵਾਰ ਸਮੇਤ ਜੰਤਰ-ਮੰਤਰ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਾ ਸੀ, ਪਰ ਘਰੋਂ ਨਿਕਲਣ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਦੀ ਰਿਹਾਇਸ਼ ਨੂੰ ਚਾਰੇ ਪਾਸਿਓਂ ਘੇਰ ਲਿਆ। AAP ਨੇ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸਵਾਲ ਕੀਤਾ ਕਿ, ਕੀ ਅਰਵਿੰਦ ਕੇਜਰੀਵਾਲ ਦਾ ਘਰ ਹੀ ਜੰਤਰ-ਮੰਤਰ ਹੈ, ਜੋ ਪਾਰਟੀ ਵਰਕਰਾਂ ਨੂੰ ਉੱਥੇ ਆਉਣ ਤੋਂ ਵੀ ਰੋਕਿਆ ਜਾ ਰਿਹਾ ਹੈ।

AAP ਦੇ ਕੌਮੀ ਦਫ਼ਤਰ ਨੂੰ ਵੀ ਕੀਤਾ ਸੀਲ
ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕਰਨ ਤੋਂ ਇਲਾਵਾ ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਦਫ਼ਤਰ ਨੂੰ ਵੀ ਸੀਲ ਕਰ ਦਿੱਤਾ। ਦਫ਼ਤਰ ਦੇ ਬਾਹਰ ਬੈਰੀਕੇਡ ਲਗਾ ਕੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਗਈ। AAP ਦੇ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਇਸ 'ਤੇ ਇਤਰਾਜ਼ ਜਤਾਉਂਦਿਆਂ ਪੁੱਛਿਆ ਕਿ ਪੁਲਿਸ ਨੂੰ ਪਾਰਟੀ ਦੇ ਕੌਮੀ ਦਫ਼ਤਰ ਨੂੰ ਸੀਲ ਕਰਨ ਦੀ ਲੋੜ ਕਿਉਂ ਪਈ ਅਤੇ ਕੀ ਹੁਣ ਪਾਰਟੀ ਦੇ ਵਰਕਰਾਂ ਨੂੰ ਆਪਣੇ ਹੀ ਦਫ਼ਤਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ।
ਦਿੱਲੀ ਪੁਲਿਸ ਵੱਲੋਂ ਜੰਤਰ-ਮੰਤਰ ਤੱਕ ਪਹੁੰਚ ਰੋਕਣ ਤੋਂ ਬਾਅਦ AAP ਨੇ ਆਪਣੇ ਦਫ਼ਤਰ ਦੇ ਬਾਹਰ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੀਨੀਅਰ ਆਗੂ ਗੋਪਾਲ ਰਾਏ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ "ਵੋਟ ਚੋਰ, ਗੱਦੀ ਛੱਡੋ" ਦੇ ਨਾਅਰੇ ਲਗਾਏ। ਵਰਕਰਾਂ ਨੇ ਪੁਲਿਸ ਕਾਰਵਾਈ ਅਤੇ ਵਿਦਿਆਰਥੀਆਂ ਤੇ ਸਿਆਸੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ਵਿਰੁੱਧ ਗੁੱਸਾ ਜ਼ਾਹਰ ਕੀਤਾ।
ਕੇਜਰੀਵਾਲ ਬੋਲੇ-ਨੌਜਵਾਨ ਜਾਗ ਚੁੱਕੇ ਹਨ, ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇਣਾ ਪਵੇਗਾ
ਦਿੱਲੀ ਪੁਲਿਸ ਵੱਲੋਂ ਜਦੋਂ ਕੇਜਰੀਵਾਲ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਹੁਣ ਜਾਗ ਚੁੱਕੇ ਹਨ ਅਤੇ ਉਹ ਮੋਦੀ ਸਰਕਾਰ ਦੀ ਕਥਿਤ ਤਾਨਾਸ਼ਾਹੀ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਹੁਣ ਵੋਟ ਚੋਰੀ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ ਅਤੇ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਤਾਨਾਸ਼ਾਹੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਇਹ ਸਭ ਕੁੱਝ ਚੋਣਾਂ ਵਿੱਚ ਕਥਿਤ ਵੋਟ ਚੋਰੀ ਦੇ ਮੁੱਦੇ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ।
ਦੀਪਕੇ ਦੀ ਗ੍ਰਿਫ਼ਤਾਰੀ 'ਤੇ ਕੇਜਰੀਵਾਲ ਨੇ ਚੁੱਕੇ ਸਵਾਲ
ਕੇਜਰੀਵਾਲ ਨੇ ਕਿਹਾ ਕਿ CJP ਦੇ ਆਗੂ ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਸਮੇਤ ਗੁਰੂਗ੍ਰਾਮ ਦੇ ਯੂਟਿਊਬਰ ਧਰੁਵ ਰਾਠੀ ਅਤੇ ਰਤਨਾ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸਨੂੰ ਲੈ ਕੇ ਦੇਸ਼ ਦੇ ਨੌਜਵਾਨਾਂ ਵਿੱਚ ਕਾਫ਼ੀ ਗੁੱਸਾ ਹੈ। ਕੇਜਰੀਵਾਲ ਨੇ ਕਿਹਾ ਕਿ CJP ਦੇ ਆਗੂਆਂ ਨੂੰ ਸਿੱਧਾ ਹਵਾਈ ਜਹਾਜ਼ ਵਿੱਚੋਂ ਹਿਰਾਸਤ ਵਿੱਚ ਲੈਣਾ ਸਰਕਾਰ ਦੇ ਡਰ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਚੋਣਾਂ ਵਿੱਚ ਕਥਿਤ ਵੋਟ ਚੋਰੀ ਰਾਹੀਂ ਜਿੱਤ ਹਾਸਲ ਕਰਨ ਦੇ ਦੋਸ਼ਾਂ ਨੂੰ ਦਬਾਉਣ ਲਈ ਲੋਕਤੰਤਰ ਨੂੰ ਕੁਚਲਣਾ ਚਾਹੁੰਦੇ ਹਨ।
AAP ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਕੇਂਦਰ ਸਰਕਾਰ 'ਤੇ ਤਿੱਖੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਨੂੰ ਬਚਾਉਣ ਲਈ ਦਿੱਲੀ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਥਿਤ ਵੋਟ ਚੋਰੀ ਦੇ ਮੁੱਦੇ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ, ਜਿਸ ਕਾਰਨ AAP, CJP ਦੇ ਪ੍ਰਦਰਸ਼ਨ ਦਾ ਸਮਰਥਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਅਤੇ ਨਰਿੰਦਰ ਮੋਦੀ ਦੀ ਜੋੜੀ ਦੇਸ਼ ਵਿੱਚ ਵੋਟਾਂ ਅਤੇ ਸਰਕਾਰਾਂ ਨੂੰ ਕਥਿਤ ਤੌਰ 'ਤੇ ਪ੍ਰਭਾਵਿਤ ਕਰਨਾ ਚਾਹੁੰਦੀ ਹੈ।


Click it and Unblock the Notifications
