ਮਾਨਸਾ 'ਚ ਦਿਲ ਦਹਿਲਾਉਣ ਵਾਲੀ ਘਟਨਾ, DC ਦੇ ਗੰਨਮੈਨ ਨੇ ਪਤਨੀ ਅਤੇ ਬੱਚਿਆਂ ਸਣੇ ਖੁਦ ਨੂੰ ਮਾਰੀ ਗੋਲ਼ੀ
ਪੰਜਾਬ ਦੇ ਮਾਨਸਾ ਵਿੱਚ ਮੰਗਲਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਗਨਮੈਨ ਵਜੋਂ ਤਾਇਨਾਤ ਪੁਲਿਸ ਮੁਲਾਜ਼ਮ ਨੇ ਆਪਣੀ ਸਰਕਾਰੀ ਬੰਦੂਕ ਨਾਲ ਪਤਨੀ ਅਤੇ ਦੋ ਪੁੱਤਰਾਂ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮ ਅਤੇ ਉਸ ਦੇ ਇੱਕ ਪੁੱਤਰ ਦੀ ਮੌਤ ਹੋ ਗਈ, ਜਦਕਿ ਪਤਨੀ ਅਤੇ ਦੂਜਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ 40 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੇ 17 ਸਾਲਾ ਪੁੱਤਰ ਜੋਤ ਸਿੰਘ ਦੀ ਵੀ ਮੌਤ ਹੋ ਗਈ ਹੈ। ਜਦਕਿ ਉਸ ਦੀ ਪਤਨੀ ਹਰਪ੍ਰੀਤ ਕੌਰ (36) ਅਤੇ ਦੂਜੇ ਪੁੱਤਰ ਦਿਲਸ਼ਾਨ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਬਿਹਤਰ ਇਲਾਜ ਲਈ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।

ਸਵੇਰੇ 6:30 ਤੋਂ 7 ਵਜੇ ਦੇ ਵਿਚਕਾਰ ਵਾਪਰੀ ਘਟਨਾ
ਇਹ ਘਟਨਾ ਮਾਨਸਾ ਦੇ ਵਾਰਡ ਨੰਬਰ-5 ਸਥਿਤ ਨਿਧਾਨ ਸਿੰਘ ਨਗਰ ਵਿੱਚ ਮੰਗਲਵਾਰ ਸਵੇਰੇ ਕਰੀਬ 6:30 ਤੋਂ 7 ਵਜੇ ਦੇ ਵਿਚਕਾਰ ਵਾਪਰੀ। ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਪਹੁੰਚੇ। ਘਰ ਦੇ ਅੰਦਰ ਪਰਿਵਾਰ ਦੇ ਸਾਰੇ ਮੈਂਬਰ ਖ਼ੂਨ ਨਾਲ ਲੱਥਪੱਥ ਪਏ ਸਨ। ਇਸ ਤੋਂ ਬਾਅਦ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਦੋ ਦਿਨਾਂ ਤੋਂ ਛੁੱਟੀ 'ਤੇ ਸੀ ਪੁਲਿਸ ਮੁਲਾਜ਼ਮ
ਗੁਰਵਿੰਦਰ ਸਿੰਘ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਗਨਮੈਨ ਵਜੋਂ ਤਾਇਨਾਤ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ 'ਤੇ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਸੋਮਵਾਰ ਨੂੰ ਹੀ ਆਪਣੇ ਨਵੇਂ ਘਰ ਵਿੱਚ ਰਹਿਣ ਲਈ ਆਇਆ ਸੀ। ਘਰ ਦਾ ਕੰਮ ਅਜੇ ਅਧੂਰਾ ਸੀ ਅਤੇ ਸਾਰਾ ਸਾਮਾਨ ਵੀ ਪੂਰੀ ਤਰ੍ਹਾਂ ਸ਼ਿਫ਼ਟ ਨਹੀਂ ਹੋਇਆ ਸੀ।
ਘਰੇਲੂ ਵਿਵਾਦ ਦਾ ਸ਼ੱਕ, ਪੁਲਿਸ ਵੱਲੋਂ ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਘਟਨਾ ਦਾ ਕਾਰਨ ਘਰੇਲੂ ਵਿਵਾਦ ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ। ਪੁਲਿਸ ਨੇ ਘਟਨਾ ਵਿੱਚ ਵਰਤੀ ਗਈ ਸਰਕਾਰੀ ਬੰਦੂਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਘਰ ਨੂੰ ਸੀਲ ਕਰ ਦਿੱਤਾ ਹੈ।
ਪੁਲਿਸ ਅਨੁਸਾਰ, ਜ਼ਖ਼ਮੀ ਪਤਨੀ ਹਰਪ੍ਰੀਤ ਕੌਰ ਅਤੇ ਪੁੱਤਰ ਦਿਲਸ਼ਾਨ ਸਿੰਘ ਦੇ ਬਿਆਨ ਦਰਜ ਹੋਣੇ ਅਜੇ ਬਾਕੀ ਹਨ। ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਹੀ ਘਟਨਾ ਦੇ ਪਿੱਛੇ ਦੇ ਕਾਰਨਾਂ ਬਾਰੇ ਹੋਰ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।


Click it and Unblock the Notifications
