BJP ਨਾਲ ਗਠਜੋੜ ਲਈ ਤਿਆਰ ਸੁਖਬੀਰ ਬਾਦਲ! ਕਿਹਾ- ਸਾਰੇ ਵਿਕਲਪ ਖੁੱਲ੍ਹੇ ਹਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਈ ਦੋ ਪਾਰਟੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ-ਇੱਕ ਕਾਂਗਰਸ ਅਤੇ ਦੂਜੀ ਆਮ ਆਦਮੀ ਪਾਰਟੀ (ਆਪ)।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਅਤੇ ਉਸ ਲਈ ਪੰਜਾਬ ਸਭ ਤੋਂ ਪਹਿਲਾਂ ਹੈ। ਸਰਕਾਰ ਬਣੇ ਜਾਂ ਨਾ ਬਣੇ, ਪਾਰਟੀ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜਦੀ ਰਹੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੀ ਵੀ ਪਾਰਟੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਨਾਲ ਸਹਿਮਤ ਹੋਵੇਗੀ, ਉਸ ਨਾਲ ਗਠਜੋੜ ਕਰਨ ਦੇ ਵਿਕਲਪ ਖੁੱਲ੍ਹੇ ਰੱਖੇ ਗਏ ਹਨ।

ਦੱਸ ਦਈਏ ਕਿ ਸੁਖਬੀਰ ਬਾਦਲ ਆਪਣੀ ਪਾਰਟੀ ਦੇ ਵਫ਼ਦ ਨਾਲ ਪੰਜਾਬ 'ਚ ਨਸ਼ੇ ਅਤੇ ਪਰਮਿੰਦਰ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਪਹੁੰਚੇ ਸਨ। ਮੁਲਾਕਾਤ ਤੋਂ ਬਾਅਦ ਬਾਹਰ ਆਕੇ ਮੀਡੀ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਗਠਜੋੜ ਨੂੰ ਲੈ ਕੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਪੰਜਾਬ ਦੀ ਹਿਤੈਸ਼ੀ ਪਾਰਟੀਆਂ ਲਈ ਉਨ੍ਹਾਂ ਦੇ ਦਰਵਾਜ਼ੇ ਖੁੱਲੇ ਹਨ।
ਇੱਕ ਦਿਨ ਪਹਿਲਾਂ ਅਮਿਤ ਸ਼ਾਹ ਨੇ ਦਿੱਤੇ ਸੀ ਗਠਜੋੜ ਦੇ ਸੰਕੇਤ
ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਦਾਅਵਾ ਕੀਤਾ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ NDA ਦੀ ਸਰਕਾਰ ਬਣੇਗੀ। ਸ਼ਾਹ ਨੇ ਇਸ ਵਾਰ BJP ਨਹੀਂ ਸਗੋਂ NDA ਦੀ ਸਰਕਾਰ ਕਿਹਾ ਸੀ , ਜਿਸ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।
ਅਮਿਤ ਸ਼ਾਹ ਦੇ ਕਹਿਣ 'ਤੇ ਪੰਜਾਬ 'ਚ ਸਰਕਾਰ ਨਹੀਂ ਬਣਨੀ - CM ਮਾਨ
ਅਮਿਤ ਸ਼ਾਹ ਨੇ (ਆਪ) 'ਤੇ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਮ ਨਹੀਂ ਕਰਨ ਦੇ ਰਹੇ। ਇਸਤੋਂ ਇਲਾਵਾ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ 'ਚ 2027 'ਚ AAP ਦੀ ਸਰਕਾਰ ਨਹੀਂ ਬਣ ਰਹੀ , ਉਨ੍ਹਾਂ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ CM ਮਾਨ ਨੇ ਕਿਹਾ ਕਿ ਅਮਿਤ ਸ਼ਾਹ ਦੇ ਕਹਿਣ ਨਾਲ ਪੰਜਾਬ 'ਚ ਸਰਕਾਰ ਨਹੀਂ ਬਣਨੀ। ਇਹ ਤਾਂ ਪੰਜਾਬ ਦੀ ਸਵਾ 3 ਕਰੋੜ ਜਨਤਾ ਤੈਅ ਕਰੂੰਗੀ ਕਿ ਉਨ੍ਹਾਂ ਨੇ ਕਿਸਨੂੰ ਚੁਣਨਾ ਹੈ। CM ਮਾਨ ਨੇ ਅੱਗੇ ਕਿਹਾ ਕਿ ਅਮਿਤ ਸ਼ਾਹ ਤਾਂ ਬਹੁਤ ਕੁੱਝ ਬੋਲਦੇ ਹਨ ਉਨ੍ਹਾਂ ਦੇ ਬੋਲਣ ਨਾਲ ਪੰਜਾਬ 'ਚ ਕੁੱਝ ਨਹੀਂ ਹੋਣਾ।
2020 ਵਿੱਚ ਟੁੱਟਿਆ ਸੀ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ
ਪੰਜਾਬ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਲਗਭਗ 24 ਸਾਲ ਪੁਰਾਣਾ ਸੀ। ਸਾਲ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਦੋਵਾਂ ਪਾਰਟੀਆਂ ਦਾ ਗਠਜੋੜ ਟੁੱਟ ਗਿਆ ਸੀ। ਕਿਸਾਨਾਂ ਦੇ ਵਧਦੇ ਵਿਰੋਧ ਕਾਰਨ ਪਾਰਟੀ ਲਈ NDA ਵਿੱਚ ਬਣੇ ਰਹਿਣਾ ਮੁਸ਼ਕਲ ਹੋ ਗਿਆ ਜਿਸ ਤੋਂ ਬਾਅਦ ਸਤੰਬਰ 2020 ਵਿੱਚ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸਨ। ਇਸ ਤੋਂ ਬਾਅਦ ਅਕਾਲੀ ਦਲ ਨੇ NDA ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ।
ਹੁਣ ਸੁਖਬੀਰ ਬਾਦਲ ਵੱਲੋਂ ਗਠਜੋੜ ਦੇ ਵਿਕਲਪ ਖੁੱਲ੍ਹੇ ਰੱਖਣ ਅਤੇ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ NDA ਦੀ ਸਰਕਾਰ ਬਣਨ ਦੇ ਦਾਅਵੇ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਸਿਆਸੀ ਰਿਸ਼ਤਿਆਂ ਨੂੰ ਲੈ ਕੇ ਚਰਚਾ ਮੁੜ ਤੇਜ਼ ਹੋ ਗਈ ਹੈ। ਹਾਲਾਂਕਿ, ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦਾ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।


Click it and Unblock the Notifications
