ਦਿੱਲੀ 'ਚ SIR ਖ਼ਿਲਾਫ਼ ਪ੍ਰਦਰਸ਼ਨ, ਗੁਰਦੁਆਰਾ ਬੰਗਲਾ ਸਾਹਿਬ ਨੇੜੇ ਇਕੱਠੇ ਹੋਣ ਲੱਗੇ ਲੋਕ, ਪੁਲਿਸ ਨੇ ਸ਼ੁਰੂ ਕੀਤੀ ਬੇਰੀਕੇਡਿੰਗ
ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਨੇੜੇ ਅੱਜ SIR ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਪ੍ਰਦਰਸ਼ਨ ਪੀਪਲ ਅਗੇਂਸਟ SIR ਗਠਜੋੜ ਵੱਲੋਂ ਸੱਦਿਆ ਗਿਆ ਹੈ।
ਇਸ ਵਿੱਚ ਅਰਥਸ਼ਾਸਤਰੀ ਪਰਕਲਾ ਪ੍ਰਭਾਕਰ, ਅਦਾਕਾਰ ਪ੍ਰਕਾਸ਼ ਰਾਜ ਅਤੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪੀਪਲ ਅਗੇਂਸਟ SIR ਦਾ ਗਠਨ ਪਿਛਲੇ ਹਫ਼ਤੇ ਹੀ ਕੀਤਾ ਗਿਆ ਸੀ। SIR ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆਉਣ ਲਈ ਇਸ ਦੀ ਸਥਾਪਨਾ ਕੀਤੀ ਗਈ ਹੈ। ਇਸ ਵਿੱਚ ਨਾਗਰਿਕਾਂ, ਕਿਸਾਨ ਯੂਨੀਅਨਾਂ, ਮਜ਼ਦੂਰ ਸੰਗਠਨਾਂ ਅਤੇ ਮਹਿਲਾ ਤੇ ਨੌਜਵਾਨ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਜੰਤਰ-ਮੰਤਰ 'ਤੇ ਇਕੱਠੇ ਹੋ ਸਕਦੇ ਹਨ ਲੋਕ
SIR ਖਿਲਾਫ਼ ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਲੋਕ ਗੁਰਦੁਆਰਾ ਬੰਗਲਾ ਸਾਹਿਬ ਲਾਗੇ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ। ਲੋਕ ਆਪਣੇ ਹੱਥਾਂ 'ਚ ਤਖ਼ਤੀਆਂ ਅਤੇ ਬੈਨਰ ਲੈ ਕੇ ਪਹੁੰਚ ਰਹੇ ਹਨ। ਕੁੱਝ ਬੈਨਰਾਂ 'ਤੇ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇਣਾ ਪਏਗਾ ਜਿਹੇ ਸਲੋਗਨ ਲਿਖੇ ਹੋਏ ਹਨ। ਪੁਲਿਸ ਮੁਤਾਬਕ, ਜੰਤਰ-ਮੰਤਰ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਜੰਤਰ-ਮੰਤਰ ਦੇ ਰਸਤੇ 'ਤੇ ਪੁਲਿਸ ਤਇਨਾਤ ਕੀਤੀ ਗਈ ਹੈ।
ਰਾਸਤਿਆਂ ਦੀ ਬੇਰੀਕੇਡਿੰਗ ਕੀਤੀ ਜਾ ਰਹੀ ਹੈ। ਬੰਗਲਾ ਸਾਹਿਬ ਗੁਰਦੁਆਰੇ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਲੰਮਾ ਜਾਮ ਲੱਗ ਸਕਦਾ ਹੈ। ਇਸਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਟ੍ਰੈਫ਼ਿਕ ਐਡਵਾਇਜ਼ਰੀ ਜਾਰੀ ਕੀਤੀ ਹੈ।
ਦਿੱਲੀ ਪੁਲਿਸ CJP ਆਗੂਆਂ ਨੂੰ ਮੁੜ ਪੁੱਛਗਿੱਛ ਲਈ ਨੋਟਿਸ ਭੇਜ ਸਕਦੀ ਹੈ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁੱਛਗਿੱਛ ਲਈ ਮੁੜ ਨੋਟਿਸ ਭੇਜ ਸਕਦੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਦੋਵਾਂ ਆਗੂਆਂ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਏ। ਦੋਵਾਂ ਨੇ ਪੁਲਿਸ ਤੋਂ ਹੋਰ ਸਮਾਂ ਮੰਗਿਆ ਹੈ। ਬੁੱਧਵਾਰ ਨੂੰ ਦਿੱਲੀ ਦੀ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟ੍ਰੇਟ (SEM) ਅਦਾਲਤ ਨੇ ਦੋਵਾਂ ਆਗੂਆਂ ਨੂੰ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਦੇ ਬਾਂਡ 'ਤੇ ਰਿਹਾਅ ਕੀਤਾ ਗਿਆ।
ਦਿੱਲੀ ਪੁਲਿਸ ਨੇ 13 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦੌਰਾਨ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਸੀ। ਸਰਕਾਰ ਨੇ 12 ਅਕਤੂਬਰ ਨੂੰ ਜੰਤਰ-ਮੰਤਰ ਨੂੰ ਪ੍ਰਦਰਸ਼ਨ ਵਾਲੀਆਂ ਥਾਵਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਸੀ। ਇਸ ਦੇ ਬਾਵਜੂਦ 13 ਅਕਤੂਬਰ ਨੂੰ ਆਸ਼ੂਤੋਸ਼ ਅਤੇ ਸੌਰਵ ਤਿਰੰਗਾ ਲੈ ਕੇ ਉੱਥੇ ਪਹੁੰਚ ਗਏ। ਸ਼ਾਂਤੀ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਉਨ੍ਹਾਂ ਨੂੰ ਪੰਜ ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਸੀ।


Click it and Unblock the Notifications
