ਮੁੰਬਈ ਸ਼ੋਅ ਦੌਰਾਨ ਦਿਲਜੀਤ ਦੋਸਾਂਝ 'ਤੇ ਹਮਲੇ ਦੀ ਧਮਕੀ, ਅਮਿਤਾਭ ਬੱਚਨ ਨੂੰ ਵੀ ਧਮਕੀ, ਮੁੰਬਈ ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਸ਼ੁੱਕਰਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁੰਬਈ ਦੀ ਮੇਅਰ ਰਿਤੂ ਤਾਵੜੇ ਨੂੰ ਇੱਕ ਧਮਕੀ ਭਰਿਆ ਈਮੇਲ ਭੇਜਿਆ ਗਿਆ, ਜਿਸ ਵਿੱਚ ਅਮਿਤਾਭ ਬੱਚਨ ਦੇ ਬੰਗਲੇ 'ਜਲਸਾ' ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ।
ਈਮੇਲ ਵਿੱਚ ਦਾਅਵਾ ਕੀਤਾ ਗਿਆ ਕਿ 31 ਅਕਤੂਬਰ ਤੋਂ 27 ਨਵੰਬਰ ਦੇ ਵਿਚਕਾਰ ਕਿਸੇ ਵੀ ਸਮੇਂ ਬੰਗਲੇ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਧਮਕੀ ਦੇਣ ਵਾਲੇ ਨੇ ਇਸ ਨੂੰ 1984 ਦੇ 'ਆਪਰੇਸ਼ਨ ਬਲੂ ਸਟਾਰ' ਦਾ ਬਦਲਾ ਦੱਸਿਆ ਹੈ। ਇਸੇ ਈਮੇਲ ਵਿੱਚ ਗਾਇਕ ਦਿਲਜੀਤ ਦੋਸਾਂਝ ਨੂੰ ਵੀ ਆਤਮਘਾਤੀ ਹਮਲੇ ਰਾਹੀਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਹ ਧਮਕੀ ਅਜਿਹੇ ਸਮੇਂ ਮਿਲੀ ਹੈ, ਜਦੋਂ ਪੰਜ ਦਿਨ ਪਹਿਲਾਂ ਐਤਵਾਰ ਨੂੰ ਮੁੰਬਈ ਵਿੱਚ ਅਦਾਕਾਰ ਟਾਈਗਰ ਸ਼ਰਾਫ 'ਤੇ ਗੋਲੀਬਾਰੀ ਹੋਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ।

ਮੇਅਰ ਨੂੰ ਭੇਜੇ ਈਮੇਲ ਵਿੱਚ ਖਾਲਿਸਤਾਨ ਪੱਖੀ ਨਾਅਰੇ
ਮੁੰਬਈ ਦੀ ਮੇਅਰ ਨੂੰ ਭੇਜੇ ਗਏ ਈਮੇਲ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਣ ਦੇ ਨਾਲ-ਨਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ, ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਧਮਕੀ ਵਿੱਚ ਕਿਹਾ ਗਿਆ ਕਿ 27 ਨਵੰਬਰ ਨੂੰ ਮਹਾਲਕਸ਼ਮੀ ਰੇਸਕੋਰਸ ਵਿੱਚ ਆਤਮਘਾਤੀ ਹਮਲਾ ਕਰਕੇ ਦਿਲਜੀਤ ਨੂੰ ਮਾਰਿਆ ਜਾਵੇਗਾ।
ਦੱਸ ਦਈਏ ਕਿ 27 ਨਵੰਬਰ ਨੂੰ ਦਿਲਜੀਤ ਦਾ ਮੁੰਬਈ ਦੇ ਵਿੱਚ ਕੰਸਰਟ ਹੈ ਜੋ ਕਿ ਮਹਾਲਕਸ਼ਮੀ ਰੇਸਕੋਰ੍ਸ ਵਿਖੇ ਹੋਵੇਗਾ ਇਸੀ ਕਰਕੇ ਇਸ ਥਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਹੈ।
ਜਾਂਚ ਵਿੱਚ ਜੁਟੀ ਮੁੰਬਈ ਪੁਲਿਸ
ਧਮਕੀ ਭਰਿਆ ਈਮੇਲ ਮਿਲਣ ਤੋਂ ਬਾਅਦ ਮੁੰਬਈ ਪੁਲਿਸ, ਡੌਗ ਸਕੁਐਡ ਅਤੇ ਬੰਬ ਸਕੁਐਡ ਦੀਆਂ ਟੀਮਾਂ ਬੀਐੱਮਸੀ ਦੇ ਮੁੱਖ ਦਫ਼ਤਰ ਪਹੁੰਚੀਆਂ। ਮੇਅਰ ਅਤੇ ਡਿਪਟੀ ਮੇਅਰ ਦੇ ਦਫ਼ਤਰਾਂ ਸਮੇਤ ਵੱਖ-ਵੱਖ ਕਮਰਿਆਂ ਦੀ ਤਲਾਸ਼ੀ ਵੀ ਲਈ ਗਈ। ਮੁੰਬਈ ਪੁਲਿਸ ਅਤੇ ਸਾਈਬਰ ਸੈੱਲ ਵੱਲੋਂ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਭੇਜਣ ਵਾਲੇ ਦੀ ਪਛਾਣ ਕੀਤੀ ਜਾ ਸਕੇ।
ਮੁੰਬਈ ਦੇ ਕਈ ਸਕੂਲਾਂ ਨੂੰ ਵੀ ਮਿਲੇ ਧਮਕੀ ਭਰੇ ਈਮੇਲ
ਇਸ ਘਟਨਾ ਦੇ ਨਾਲ ਹੀ ਮੁੰਬਈ ਦੇ ਦਾਦਰ ਇਲਾਕੇ ਵਿੱਚ ਸਥਿਤ ਕਈ ਪ੍ਰਮੁੱਖ ਸਕੂਲਾਂ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਹਨ। ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਸਵੇਰੇ ਦਾਦਰ ਦੇ ਲਗਭਗ ਚਾਰ ਸਕੂਲਾਂ ਨੂੰ ਅਜਿਹੇ ਈਮੇਲ ਪ੍ਰਾਪਤ ਹੋਏ। ਸੂਚਨਾ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਤੁਰੰਤ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲਿਸ ਨੂੰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਹਾਲਾਂਕਿ, ਧਮਕੀ ਭਰੇ ਈਮੇਲਾਂ ਕਾਰਨ ਕੁਝ ਸਮੇਂ ਲਈ ਸਕੂਲਾਂ ਦੇ ਅੰਦਰ ਤਣਾਅ ਦਾ ਮਾਹੌਲ ਬਣਿਆ ਰਿਹਾ।


Click it and Unblock the Notifications
