ਮਜੀਠੀਆ ਖ਼ਿਲਾਫ਼ ਵਿਜੀਲੈਂਸ ਦੀ ਵੱਡੀ ਕਾਰਵਾਈ, 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ, 736 ਕਰੋੜ ਦੇ ਲੈਣ-ਦੇਣ ਦਾ ਜ਼ਿਕਰ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਜੁੜੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ 40 ਹਜ਼ਾਰ ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਲਗਭਗ 736 ਕਰੋੜ ਰੁਪਏ ਦੇ ਲੈਣ-ਦੇਣ ਦਾ ਜ਼ਿਕਰ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਵਿਜੀਲੈਂਸ ਬਿਊਰੋ ਨੇ ਜਾਂਚ ਵਿੱਚ ਪਾਇਆ ਹੈ ਕਿ ਨਸ਼ੇ ਨਾਲ ਸੰਬੰਧਤ ਕਾਰੋਬਾਰ ਦੇ ਤਹਿਤ 736 ਕਰੋੜ ਮਜੀਠੀਆ ਨੇ ਆਪਣੀ ਕੰਪਨੀ ਦੇ ਬੈੰਕ ਖਾਤਿਆਂ ਵਿੱਚ ਜਮ੍ਹਾ ਕਰਵਾਏ। ਚਾਰਜਸ਼ੀਟ ਵਿੱਚ ਮਜੀਠੀਆ ਦੇ ਅੰਤਰਰਾਸ਼ਟਰੀ ਡਰੱਗ ਸਮੱਗਲਰਾਂ ਨਾਲ ਸੰਬੰਧਾਂ ਦਾ ਵੀ ਜ਼ਿਕਰ ਹੈ। ਵਿਜੀਲੈਂਸ ਦੀ ਟੀਮ ਚਾਰਜਸ਼ੀਟ ਨੂੰ ਟਰੰਕਾਂ ਵਿੱਚ ਭਰ ਕੇ ਅਦਾਲਤ ਪਹੁੰਚੀ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਬਿਊਰੋ ਨੇ ਅਗਸਤ ਮਹੀਨੇ ਵਿੱਚ ਇਸ ਮਾਮਲੇ ਸਬੰਧੀ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਅਮਿਤ ਸ਼ਾਹ ਨਾਲ ਰਲ਼ ਕੇ ਮਜੀਠੀਆ ਪੰਜਾਬ 'ਚ ਵੇਚਣਾ ਚਾਹੁੰਦੈ ਗੁਜਰਾਤ ਦੀ ਡਰੱਗਸ - AAP
ਇਸ ਪੂਰੇ ਮਾਮਲੇ 'ਤੇ ਆਪ ਪੰਜਾਬ ਦੇ ਮੀਡੀਆ ਇੰਚਾਰਜ਼ ਬਲਤੇਜ਼ ਪੰਨੂ ਨੇ ਮਜੀਠੀਆ 'ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਜਗਦੀਸ਼ ਭੋਲਾ ਨੇ ਜਦੋਂ ਮਜੀਠੀਆ ਦਾ ਨਾਂਅ ਲਿਆ ਸੀ ਉਦੋਂ ਮਜੀਠੀਆ ਚਰਚਾ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ED ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਗਈ, ਪਰ ਮਜੀਠੀਆ ਨੂੰ ਬਚਾਉਣ ਲਈ ਉਹ ਜਾਂਚ ਖੂਹ-ਖ਼ਾਤੇ ਪਾ ਦਿੱਤੀ ਗਈ। ਜਿਸਤੋਂ ਬਾਅਦ ED ਮੁਖੀ ਨਿਰੰਜਨ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ। ਪੰਨੂ ਨੇ ਇਸ ਕਰੋੜਾਂ ਦੇ ਲੈਣ-ਦੇਣ ਦਾ ਜਿਕਰ ਕਰਦਿਆਂ ਮਜੀਠੀਆ ਦੇ ਰਿਸ਼ਤੇਦਾਰ ਗਜਪੱਤ ਸਿੰਘ ਗਰੇਵਾਲ ਦੀ ਸ਼ਮੂਲੀਅਤ ਦਾ ਜ਼ਿਕਰ ਵੀ ਕੀਤਾ ਜੋ ਕਿ ਰਿਸ਼ਤੇ 'ਚ ਮਜੀਠੀਆ ਦਾ ਸਕਾ ਸ਼ਾਲਾ ਹੈ।
ਪੰਨੂ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ 2007-17 ਤੱਕ ਜਦੋਂ ਪੰਜਾਬ 'ਚ ਨਸ਼ੇ ਨੇ ਸਾਡੇ ਨੌਜਵਾਨਾਂ ਨੂੰ ਖਾਇਆ ਉਦੋਂ ਹੀ ਮਜੀਠੀਆ ਨੇ ਇੰਨੀ ਜ਼ਾਇਦਾਦ ਬਣਾਈ। ਉਨ੍ਹਾਂ ਕਿਹਾ ਕਿ 720 ਕਰੋੜ ਇੱਕ ਨੰਬਰ 'ਚ ਨਹੀਂ ਬਣ ਸਕਦਾ। ਪੰਨੂ ਨੇ ਤੰਜ ਕਸਦਿਆਂ ਕਿਹਾ ਕਿ ਹੁਣ ਅਮਿਤ ਸ਼ਾਹ ਨਾਲ ਰਲ਼ ਕੇ ਇਹ ਪੰਜਾਬ 'ਚ ਮੁੜ ਨਸ਼ਾ ਵੇਚਣਾ ਚਾਹੁੰਦੇ ਹਨ ਜੋ ਕਿ ਗੁਜ਼ਰਾਤ ਤੋਂ ਆਉਣਾ ਹੈ ਇਸੀ ਕਰਕੇ ਇਹ BJP ਨਾਲ ਸਮਝੌਤਾ ਕਰਨਾ ਚਾਹੁੰਦੇ ਹਨ।
ਵਿਜੀਲੈਂਸ ਨੇ 2007-17 ਤੱਕ ਲੈਣ ਦੇਣ ਦੀ ਕੀਤੀ ਜਾਂਚ
ਵਿਜੀਲੈਂਸ ਮੁਤਾਬਕ,2007 ਤੋਂ 2017 ਤੱਕ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਜਾਇਦਾਦ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਗਈ। ਵੱਖ-ਵੱਖ ਰਿਪੋਰਟਾਂ ਵਿੱਚ ਜਾਇਦਾਦ ਦੀ ਕੀਮਤ 540 ਕਰੋੜ ਰੁਪਏ ਤੋਂ ਲੈ ਕੇ 700 ਕਰੋੜ ਰੁਪਏ ਤੋਂ ਵੱਧ ਤੱਕ ਦੱਸੀ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐੱਫਆਈਆਰ ਨੰਬਰ 22 ਦਰਜ ਕੀਤੀ। ਇਸੇ ਦਿਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਹਾਲਾਂਕਿ ਫ਼ਿਲਹਾਲ ਮਜੀਠੀਆ ਨੂੰ ਇਸ ਮਾਮਲੇ 'ਚ ਜ਼ਮਾਨਤ ਮਿਲੀ ਹੋਈ ਹੈ।


Click it and Unblock the Notifications
