ਕੀਰਤਪੁਰ ਸਾਹਿਬ 'ਚ ਦਰਦਨਾਕ ਹਾਦਸਾ, ਖੱਡ ’ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੇ ਸਾਊਂਡ ਸਿਸਟਮ ਗਰੁੱਪ ਦੀ ਗੱਡੀ, 4 ਦੀ ਮੌਤ
ਸ੍ਰੀ ਕੀਰਤਪੁਰ ਸਾਹਿਬ-ਮੰਡੀ ਮੁੱਖ ਮਾਰਗ 'ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਸਾਊਂਡ ਸਿਸਟਮ ਦੀ ਗੱਡੀ ਅਚਾਨਕ ਖੱਡ 'ਚ ਡਿੱਗ ਗਈ ਜਿਸਦੇ ਚੱਲਦਿਆਂ 4 ਲੋਕਾਂ ਦੀ ਮੌਤ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਪਿੰਡ ਦੇਹਣੀ ਨਜ਼ਦੀਕ ਅੱਜ ਸਵੇਰੇ ਕਰੀਬ 6:30 ਵਜੇ ਇਹ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਰੂਪਨਗਰ ਦੇ ਪੰਜਾਬ ਸਾਊਂਡ ਸਿਸਟਮ ਗਰੁੱਪ ਨਾਲ ਸੰਬੰਧਿਤ ਸਾਊਂਡ ਸਿਸਟਮ ਦੀ ਗੱਡੀ ਜੋ ਕਿ ਕੁੱਲੂ ਹਿਮਾਚਲ ਪ੍ਰਦੇਸ਼ ਦੇ ਦੁਸਹਿਰੇ ਪ੍ਰੋਗਰਾਮ ਲਗਾਉਣ ਤੋਂ ਬਾਅਦ ਵਾਪਸ ਰੂਪਨਗਰ ਜਾ ਰਹੀ ਸੀ ਜਦੋਂ ਇਹ ਗਰੁੱਪ ਪਿੰਡ ਦੇਹਣੀ ਨਜ਼ਦੀਕ ਪਹੁੰਚਿਆ ਤਾਂ ਉਤਰਾਈ ਕਾਰਨ ਗੱਡੀ ਤਕਨੀਕੀ ਖਾਮੀ ਦੇ ਚਲਦੇ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਈ ਅਤੇ ਸੜਕ ਨਜ਼ਦੀਕ ਡੂੰਘੀ ਖੱਡ ਵਿਚ ਜਾ ਪਲਟੀ।

ਇਸ ਹਾਦਸੇ ਵਿੱਚ ਗੱਡੀ 'ਚ ਬੈਠੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ 1033 'ਤੇ ਕਾਲ ਕਰਕੇ ਜਾਣਕਾਰੀ ਨਜ਼ਦੀਕੀ ਗਰਾਂ ਮੋੜਾ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਦਿੱਤੀ ਅਤੇ ਤੁਰੰਤ ਸੜਕ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਪਹੁੰਚ ਗਏ। ਇਸ ਦੌਰਾਨ ਮੌਕੇ 'ਤੇ ਸੜਕ ਦਾ ਇੱਕ ਪਾਸਾ ਆਵਾਜਾਈ ਲਈ ਰੋਕਿਆ ਗਿਆ ਅਤੇ ਮੌਕੇ 'ਤੇ ਹਾਈਡਰੇ ਮਸ਼ੀਨਾਂ ਮੰਗਵਾਈਆਂ ਗਈਆਂ।
ਢਾਈ ਘੰਟੇ ਦੀ ਜਦੋ-ਜਹਿਦ ਮਗਰੋਂ ਮਸ਼ੀਨਾਂ ਦੀ ਮਦਦ ਨਾਲ ਗੱਡੀ 'ਚੋਂ ਮ੍ਰਿਤਕ ਦੇਹਾਂ ਕੱਢੀਆਂ ਗਈਆਂ। ਇਸ ਦੌਰਾਨ ਪੰਜਾਬ ਸਾਊਂਡ ਸਿਸਟਮ ਦੇ ਨਾਲ ਚੱਲ ਰਹੇ ਗਰੁੱਪ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਸ ਗੱਡੀ ਵਿੱਚ ਚਾਰ ਵਿਅਕਤੀ ਮੌਜੂਦ ਸਨ ਅਤੇ ਚਾਰਾਂ ਦੀ ਮੌਤ ਹੋ ਗਈ। ਇਹ ਗਰੁੱਪ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੁਸਹਿਰੇ ਦੇ ਸਮਾਗਮ ਤੋਂ ਬਾਅਦ ਰਾਤ ਸਮੇਂ ਕੁੱਲੂ ਤੋਂ ਚਲਿਆ ਸੀ।
ਮ੍ਰਿਤਕ ਦੇਹਾਂ ਨੂੰ 1033 ਐਂਬੂਲੈਂਸਾਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਮੋਰਚਰੀ ਭੇਜਿਆ ਗਿਆ। ਮੌਕੇ 'ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਪਹੁੰਚ ਗਈ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਸਬੰਧੀ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।


Click it and Unblock the Notifications
