ਸਪੈਸ਼ਲ ਇਜਲਾਸ ਦੇ ਆਖਰੀ ਦਿਨ ਹੰਗਾਮਾ: ਕਾਂਗਰਸ ਦਾ ਇਲਜ਼ਾਮ - ਬਾਜਵਾ ਨੂੰ ਮਾਰੇ ਧੱਕੇ, ਧਾਲੀਵਾਲ ਨੇ ਕਿਹਾ - ਡਰਾਮੇਬਾਜ਼ੀ ਛੱਡੋ
ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਇਜਲਾਸ ਦੇ ਆਖਰੀ ਦਿਨ ਅੱਜ ਕੰਪਲੈਕਸ ਵਿੱਚ ਹੱਦੋਂ-ਵੱਧ ਹੰਗਾਮਾ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਧੱਕਾ-ਮੁੱਕੀ ਦੀ ਸਥਿਤੀ ਬਣ ਗਈ। ਮੀਡੀਆ ਸਾਹਮਣੇ ਆਪੋ-ਆਪਣੀ ਗੱਲ ਰੱਖਣ ਲਈ ਦੋਵਾਂ ਪਾਰਟੀਆਂ ਦੇ ਆਗੂ ਆਹਮੋ-ਸਾਹਮਣੇ ਆ ਗਏ।
ਕਾਂਗਰਸੀ ਵਿਧਾਇਕਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਬਾਹਰ ਨਾਅਰੇਬਾਜ਼ੀ ਸ਼ੁਰੂ ਕੀਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਧੱਕੇ ਮਾਰੇ ਗਏ। ਹਾਲਾਂਕਿ ਆਪ ਵਿਧਾਇਕਾਂ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ। ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਮੀਡੀਆ ਸਾਹਮਣੇ ਹੀ ਦੋਵਾਂ ਧਿਰਾਂ ਵਿਚਾਲੇ ਧੱਕਾ-ਮੁੱਕੀ ਹੋਣ ਲੱਗੀ।

ਪ੍ਰਗਟ ਸਿੰਘ ਦਾ ਇਲਜ਼ਾਮ -ਸਾਰੇ ਕਾਂਗਰਸੀ MLA ਨੂੰ ਰੋਕਿਆ ਗਿਆ
ਕਾਂਗਰਸ ਦੇ ਪੰਜਾਬ ਪ੍ਰਧਾਨ ਪ੍ਰਗਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਉਨ੍ਹਾਂ ਨੇ ਅੱਜ ਤੱਕ ਨਹੀਂ ਦੇਖੀ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸੀ ਵਿਧਾਇਕ ਅੰਦਰ ਜਾਣ ਲੱਗੇ ਤਾਂ ਸਟਾਫ਼ ਨੇ ਉਨ੍ਹਾਂ ਨੂੰ ਰੋਕਿਆ , ਇਸੀ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਧੱਕੇ ਵੀ ਮਾਰੇ ਗਏ। ਪ੍ਰਗਟ ਸਿੰਘ ਨੇ ਕਿਹਾ ਕਿ ਅਸੀਂ ਤਾਂ ਪੰਜਾਬ ਦੀ ਗੱਲ ਰੱਖਣ ਆਏ ਸੀ ਪਰ ਸਾਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ।
ਕਾਂਗਰਸੀ ਨਾ ਸਵਾਲ ਪੁੱਛਦੇ ਨਾ ਸੈਸ਼ਨ ਚੱਲਣ ਦਿੰਦੇ -ਕੁਲਦੀਪ ਧਾਲੀਵਾਲ
ਕਾਂਗਰਸੀ ਵਿਧਾਇਕਾਂ ਦੇ ਇਲਜਾਮਾਂ ਤੋਂ ਬਾਅਦ ਆਪ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਸਾਹਮਣੇ ਸਰਕਾਰ ਦਾ ਪੱਖ ਰੱਖਦਿਆਂ ਕਿਹਾ ਕਿ ਕਾਂਗਰਸੀ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੀ ਨੂੰ ਵੀ ਅੰਦਰ ਜਾਣ ਤੋਂ ਨਹੀਂ ਰੋਕਿਆ ਗਿਆ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਮੁੱਦਿਆਂ ਦੀ ਨਾ ਪਹਿਲਾਂ ਗੱਲ ਕੀਤੀ ਨਾ ਹੁਣ ਕਰਨੀ। ਉਨ੍ਹਾਂ ਕਿਹਾ ਕਿ ਇਹ ਭਗਵੰਤ ਮਾਨ ਦਾ ਸਾਹਮਣਾ ਨਹੀਂ ਕਰ ਸਕਦੇ।
ਧਾਲੀਵਾਲ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹਾਊਸ ਦਾ ਟਾਈਮ ਖ਼ਰਾਬ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਅੰਦਰ ਇੰਨੇ ਅਹਿਮ ਮੁੱਦੇ ਡਿਸਕਸ ਹੋ ਰਹੇ ਹਨ ਪਰ ਇਹ ਕਾਂਗਰਸੀ ਬਾਹਰ ਤਮਾਸ਼ਾ ਕਰ ਰਹੇ ਹਨ। ਉਨ੍ਹਾਂ ਕਾਂਗਰਸੀਆਂ ਨੂੰ ਕਿਹਾ ਕਿ ਇਹ ਡਰਾਮੇਬਾਜ਼ੀ ਛੱਡ ਕੇ ਸੈਸ਼ਨ 'ਚ ਸ਼ਾਮਿਲ ਹੋ ਕੇ ਪੰਜਾਬ ਦੇ ਮੁੱਦਿਆਂ ਨੂੰ ਚੁੱਕੋ। ਧਾਲੀਵਾਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸੀ ਨਾ ਆਪ ਸਵਾਲ ਚੁੱਕਦੇ ਹਨ ਅਤੇ ਨਾ ਹੀ ਕਿਸੇ ਨੂੰ ਕੰਮ ਕਰਨ ਦਿੰਦੇ ਹਨ।
ਦੱਸ ਦਈਏ ਕਿ ਵਿਧਾਨ ਸਭਾ ਕੰਪਲੈਕਸ ਵਿੱਚ ਮੌਜੂਦ ਪੱਤਰਕਾਰਾਂ ਸਾਹਮਣੇ ਵੀ ਦੋਵਾਂ ਪਾਰਟੀਆਂ ਦੇ ਆਗੂ ਇੱਕ-ਦੂਜੇ ਦੀ ਗੱਲ ਕੱਟਦੇ ਨਜ਼ਰ ਆਏ। ਹਰ ਧਿਰ ਆਪਣੀ ਗੱਲ ਨੂੰ ਪ੍ਰਮੁੱਖਤਾ ਨਾਲ ਰੱਖਣ ਅਤੇ ਦੂਜੀ ਧਿਰ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਘਟਨਾਕ੍ਰਮ ਕਾਰਨ ਕੁਝ ਸਮੇਂ ਲਈ ਕੰਪਲੈਕਸ ਵਿੱਚ ਅਫ਼ਰਾ-ਤਫ਼ਰੀ ਵਾਲਾ ਮਾਹੌਲ ਬਣ ਗਿਆ।


Click it and Unblock the Notifications
