ਪੈਟਰੋਲ ਦਾ ਬਦਲ ਬਣੇਗਾ E100 ਬਾਲਣ! ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ, ਜਾਣੋ ਕਿਹੜੇ ਵਾਹਨਾਂ ਵਿੱਚ ਹੋਵੇਗੀ ਇਸ ਦੀ ਵਰਤੋਂ
ਕੇਂਦਰ ਸਰਕਾਰ ਨੇ ਫਲੈਕਸ-ਫਿਊਲ ਤਕਨੀਕ ਨਾਲ ਲੈਸ ਵਾਹਨਾਂ ਵਿੱਚ 100 ਫ਼ੀਸਦੀ ਈਥਾਨੌਲ ਵਾਲੇ ਈ100 ਬਾਲਣ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਵਿੱਚ ਸੋਧ ਕਰਦਿਆਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਇਸ ਨਾਲ ਲਗਪਗ ਸ਼ੁੱਧ ਈਥਾਨੌਲ ਨਾਲ ਚੱਲਣ ਵਾਲੇ ਵਾਹਨਾਂ ਲਈ ਰਾਹ ਪੱਧਰਾ ਹੋ ਗਿਆ ਹੈ। ਸਰਕਾਰ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਵਾਹਨਾਂ ਦੇ ਪ੍ਰਦੂਸ਼ਣ ਮਿਆਰਾਂ ਵਿੱਚ ਈ85 ਦੇ ਨਾਲ ਈ100 ਬਾਲਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਈ85 ਜਾਂ ਈ100 ਦੀ ਵਰਤੋਂ ਸਿਰਫ਼ ਉਨ੍ਹਾਂ ਵਾਹਨਾਂ ਵਿੱਚ ਕੀਤੀ ਜਾਵੇਗੀ, ਜਿਨ੍ਹਾਂ ਨੂੰ ਵਾਹਨ ਨਿਰਮਾਤਾ ਕੰਪਨੀਆਂ ਨੇ ਫਲੈਕਸ-ਫਿਊਲ ਵਾਹਨਾਂ ਵਜੋਂ ਤਿਆਰ ਕੀਤਾ ਹੋਵੇ।

ਈ100 ਵਿੱਚ 100 ਫ਼ੀਸਦੀ ਈਥਾਨੌਲ ਹੁੰਦਾ ਹੈ, ਜਦਕਿ ਈ85 ਵਿੱਚ 85 ਫ਼ੀਸਦੀ ਈਥਾਨੌਲ ਹੁੰਦਾ ਹੈ। ਫਲੈਕਸ-ਫਿਊਲ ਵਾਹਨਾਂ ਨੂੰ ਪੈਟਰੋਲ ਅਤੇ ਈਥਾਨੌਲ ਦੇ ਵੱਖ-ਵੱਖ ਅਨੁਪਾਤਾਂ ਵਾਲੇ ਮਿਸ਼ਰਣ ਨਾਲ ਚੱਲਣ ਲਈ ਤਿਆਰ ਕੀਤਾ ਜਾਂਦਾ ਹੈ। ਇਹ ਸੋਧ ਭਾਰਤ ਵੱਲੋਂ ਆਵਾਜਾਈ ਖੇਤਰ ਵਿੱਚ ਈਥਾਨੌਲ ਦੀ ਵਰਤੋਂ ਵਧਾਉਣ ਅਤੇ ਰਵਾਇਤੀ ਪੈਟਰੋਲ 'ਤੇ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਅਹਿਮ ਹੈ। ਹਾਲਾਂਕਿ, ਨਵੇਂ ਨਿਯਮ ਸਿਰਫ਼ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਵਾਹਨਾਂ 'ਤੇ ਲਾਗੂ ਹੋਣਗੇ।
ਸਰਕਾਰ ਨੇ ਸਬੰਧਤ ਪ੍ਰਦੂਸ਼ਣ ਮਿਆਰਾਂ ਵਿੱਚ ਵਾਹਨ ਦੇ ਕੁੱਲ ਭਾਰ ਦੀ ਹੱਦ ਵੀ 3,000 ਕਿਲੋਗ੍ਰਾਮ ਤੋਂ ਵਧਾ ਕੇ 3,500 ਕਿਲੋਗ੍ਰਾਮ ਕਰ ਦਿੱਤੀ ਹੈ। ਇਹ ਸੋਧਾਂ 27 ਅਪਰੈਲ 2026 ਨੂੰ ਜਾਰੀ ਕੀਤੇ ਗਏ ਖਰੜਾ ਨਿਯਮਾਂ ਤੋਂ ਬਾਅਦ ਕੀਤੀਆਂ ਗਈਆਂ ਹਨ। ਉਸ ਸਮੇਂ ਲੋਕਾਂ ਅਤੇ ਸਬੰਧਤ ਧਿਰਾਂ ਤੋਂ ਇਤਰਾਜ਼ ਤੇ ਸੁਝਾਅ ਮੰਗੇ ਗਏ ਸਨ।
ਮੰਤਰਾਲੇ ਅਨੁਸਾਰ ਪ੍ਰਾਪਤ ਇਤਰਾਜ਼ਾਂ ਅਤੇ ਸੁਝਾਵਾਂ 'ਤੇ ਕੇਂਦਰ ਸਰਕਾਰ ਨੇ ਵਿਚਾਰ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਸੋਧੇ ਨਿਯਮ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਲਾਗੂ ਹੋਣਗੇ। ਹਾਲਾਂਕਿ, ਦੇਸ਼ ਭਰ ਵਿੱਚ ਈ100 ਬਾਲਣ ਦੀ ਵਪਾਰਕ ਉਪਲਬਧਤਾ ਬਾਰੇ ਕੋਈ ਸਮਾਂ-ਸੀਮਾ ਨਹੀਂ ਐਲਾਨੀ ਗਈ ਹੈ।


Click it and Unblock the Notifications
