ਈਰਾਨ 'ਤੇ ਮੁੜ ਫ਼ੌਜੀ ਕਾਰਵਾਈ ਕਰੇਗਾ ਅਮਰੀਕਾ, ਟਰੰਪ ਦੇ ਬਿਆਨ ਤੋਂ ਬਾਅਦ ਈਰਾਨ ਨੇ ਵੀ ਦਿੱਤੀ ਚਿਤਾਵਨੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਇੱਕ ਵਾਰ ਫਿਰ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਫਲੋਰੀਡਾ ਵਿੱਚ ਇੱਕ ਰੈਲੀ ਦੌਰਾਨ ਕਿਹਾ ਕਿ ਅਮਰੀਕਾ ਇੱਕ ਹੋਰ ਛੋਟਾ 'ਆਪ੍ਰੇਸ਼ਨ ਐਪਿਕ ਫਿਊਰੀ' ਚਲਾ ਸਕਦਾ ਹੈ।
ਅਮਰੀਕੀ ਫ਼ੌਜ ਨੇ 28 ਫਰਵਰੀ ਨੂੰ ਈਰਾਨ ਖ਼ਿਲਾਫ਼ ਜੰਗ ਸ਼ੁਰੂ ਕੀਤੀ ਸੀ, ਜਿਸ ਨੂੰ 'ਐਪਿਕ ਫਿਊਰੀ' ਨਾਮ ਦਿੱਤਾ ਗਿਆ ਸੀ। ਹਾਲਾਂਕਿ, ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜੇਕਰ ਮੁੜ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਕਦੋਂ ਅਤੇ ਕਿਸ ਤਰ੍ਹਾਂ ਦਾ ਹੋਵੇਗਾ।

ਈਰਾਨ ਨੇ ਵੀ ਦਿੱਤੀ ਚਿਤਾਵਨੀ
ਦੂਜੇ ਪਾਸੇ, ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਅਤੇ ਇਜ਼ਰਾਈਲ ਨੇ ਮੁੜ ਹਮਲਾ ਕੀਤਾ ਤਾਂ ਉਹ ਖਾੜੀ ਦੇਸ਼ਾਂ ਵਿੱਚ ਸਮੁੰਦਰ ਦੇ ਹੇਠਾਂ ਵਿਛੀਆਂ ਇੰਟਰਨੈੱਟ ਕੇਬਲਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਨਾਲ ਇੰਟਰਨੈੱਟ ਸੇਵਾਵਾਂ, ਬੈਂਕਿੰਗ ਅਤੇ ਆਨਲਾਈਨ ਕਾਰੋਬਾਰ ਪ੍ਰਭਾਵਿਤ ਹੋ ਸਕਦੇ ਹਨ।
ਟਰੰਪ ਨੇ ਕਿਹਾ ਸੀ- ਮਿਡਟਰਮ ਚੋਣਾਂ ਤੋਂ ਪਹਿਲਾਂ ਹਮਲਾ ਨਹੀਂ ਕਰਾਂਗੇ
ਟਰੰਪ ਜੰਗ ਖ਼ਤਮ ਕਰਨ ਦੀ ਸਮਾਂ-ਸੀਮਾ ਬਾਰੇ ਪਹਿਲਾਂ ਵੀ ਵੱਖ-ਵੱਖ ਬਿਆਨ ਦੇ ਚੁੱਕੇ ਹਨ। ਅਕਤੂਬਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ 3 ਨਵੰਬਰ ਨੂੰ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਈਰਾਨ 'ਤੇ ਹਮਲਾ ਨਹੀਂ ਕਰੇਗਾ। ਇਨ੍ਹਾਂ ਚੋਣਾਂ ਰਾਹੀਂ ਇਹ ਤੈਅ ਹੋਵੇਗਾ ਕਿ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ ਵਿੱਚ ਕਿਸ ਪਾਰਟੀ ਦਾ ਕੰਟਰੋਲ ਰਹੇਗਾ।
'ਦਿ ਨਿਊਯਾਰਕ ਟਾਈਮਜ਼' ਨੇ 21 ਅਕਤੂਬਰ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਅਮਰੀਕੀ ਅਤੇ ਇਜ਼ਰਾਈਲੀ ਫ਼ੌਜਾਂ ਨੇ ਮਿਡਟਰਮ ਚੋਣਾਂ ਤੋਂ ਬਾਅਦ ਈਰਾਨ 'ਤੇ ਮੁੜ ਹਮਲੇ ਦੀ ਯੋਜਨਾ ਬਣਾਈ ਹੈ। ਰਿਪੋਰਟ ਵਿੱਚ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਸੰਭਾਵਿਤ ਨਿਸ਼ਾਨਿਆਂ ਵਿੱਚ ਈਰਾਨ ਦੇ ਊਰਜਾ ਕੇਂਦਰ, ਪਰਮਾਣੂ ਟਿਕਾਣੇ ਅਤੇ ਮਿਜ਼ਾਈਲਾਂ ਤੇ ਡਰੋਨਾਂ ਦੇ ਭੰਡਾਰ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਮੁੜ ਹਮਲੇ ਦੀ ਤਾਰੀਖ਼ ਅਤੇ ਯੋਜਨਾ ਬਾਰੇ ਕੋਈ ਅਧਿਕਾਰਤ ਐਲਾਨ ਸਾਹਮਣੇ ਨਹੀਂ ਆਇਆ ਹੈ।
ਈਰਾਨ 'ਤੇ ਮੁੜ ਫ਼ੌਜੀ ਕਾਰਵਾਈ ਹੋਣ ਦੇ ਖ਼ਦਸ਼ੇ ਦਰਮਿਆਨ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਇਸ ਨਾਲ ਜੰਗ ਪੂਰੇ ਖੇਤਰ ਵਿੱਚ ਫੈਲ ਸਕਦੀ ਹੈ ਅਤੇ ਆਰਥਿਕ ਨੁਕਸਾਨ ਵਿੱਚ ਵਾਧਾ ਹੋ ਸਕਦਾ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਕਿਹਾ ਕਿ ਈਰਾਨ 'ਤੇ ਨਵਾਂ ਹਮਲਾ ਤਣਾਅ ਨੂੰ ਹੋਰ ਵਧਾ ਸਕਦਾ ਹੈ ਅਤੇ ਜੰਗ ਨੂੰ ਦੂਜੇ ਦੇਸ਼ਾਂ ਤੱਕ ਫੈਲਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਖ਼ਤਮ ਕਰਨ ਦਾ ਇੱਕੋ-ਇੱਕ ਰਸਤਾ ਗੱਲਬਾਤ ਅਤੇ ਕੂਟਨੀਤੀ ਹੈ।
ਦੂਜੇ ਪਾਸੇ ਫਰਾਂਸ ਦੇ ਵਿਦੇਸ਼ ਮੰਤਰੀ ਜਾਂ-ਨੋਏਲ ਬਾਰੋ ਨੇ ਵੀ ਤਣਾਅ ਵਧਾਉਣ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਟਕਰਾਅ ਵਧਣ ਨਾਲ ਕਿਸੇ ਨੂੰ ਵੀ ਫ਼ਾਇਦਾ ਨਹੀਂ ਹੋਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਟਕਰਾਅ ਦਾ ਤੇਲ ਅਤੇ ਗੈਸ ਦੀਆਂ ਕੀਮਤਾਂ 'ਤੇ ਗੰਭੀਰ ਅਸਰ ਪੈ ਸਕਦਾ ਹੈ, ਜਿਸ ਨਾਲ ਵਿਸ਼ਵ ਅਰਥਵਿਵਸਥਾ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ।
ਜਰਮਨੀ, ਫਰਾਂਸ ਅਤੇ ਬ੍ਰਿਟੇਨ ਈਰਾਨ ਨਾਲ ਗੱਲਬਾਤ ਲਈ ਤਿਆਰ
ਜਰਮਨੀ ਦੇ ਵਿਦੇਸ਼ ਮੰਤਰੀ ਯੋਹਾਨ ਵਾਡੇਫੁਲ ਨੇ ਕਿਹਾ ਕਿ ਜਰਮਨੀ, ਫਰਾਂਸ ਅਤੇ ਬ੍ਰਿਟੇਨ ਈਰਾਨ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰੇ।
ਵਿਦੇਸ਼ ਮੰਤਰੀਆਂ ਦੇ ਇਨ੍ਹਾਂ ਬਿਆਨਾਂ ਤੋਂ ਸਪੱਸ਼ਟ ਹੈ ਕਿ ਕਈ ਯੂਰਪੀ ਦੇਸ਼ ਈਰਾਨ ਸੰਕਟ ਦਾ ਹੱਲ ਫ਼ੌਜੀ ਕਾਰਵਾਈ ਦੀ ਬਜਾਏ ਗੱਲਬਾਤ ਅਤੇ ਕੂਟਨੀਤਕ ਯਤਨਾਂ ਰਾਹੀਂ ਕੱਢਣ 'ਤੇ ਜ਼ੋਰ ਦੇ ਰਹੇ ਹਨ।


Click it and Unblock the Notifications
